ਇਹ ਸਫ਼ਾ ਪ੍ਰਮਾਣਿਤ ਹੈ



ਜੀਵਨ-ਪੰਧ

ਬੱਚਾ ਦੁਧ ਚੁਘੇਂਦਾ ਡਿਠਾ, ਰੋਂਦਾ ਜ਼ਿਦਾਂ ਕਰੇਂਦਾ ਡਿੱਠਾ।
ਮਾਂ ਦਾ ਮਿਠਾ ਪਿਆਰ ਵੀ ਡਿਠਾ,ਪਿਓ ਦਾ ਸਭ ਵਿਹਾਰ ਵੀ ਡਿੱਠਾ।
ਗਿਲਿਓਂ ਸੁਕੇ ਪੌਂਦੀ ਡਿੱਠੀ, ਲੋਰੀ ਦੇਂਦੀ ਗੌਂਦੀ ਡਿੱਠੀ।
ਸਦਕੇ ਵਾਰੀ ਜਾਂਦੀ ਡਿਠੀ, ਲਖਾਂ ਸ਼ਗਨ ਮਨਾਂਦੀ ਡਿੱਠੀ।
ਫਿਰ ਦੰਦੀਆਂ ਦਾ ਵੇਲਾ ਡਿਠਾ, ਮਾਂ ਨਾ ਵੇਲ ਕੁਵੇਲਾ ਡਿੱਠਾ।
ਸਾਰੇ ਦੁਖੜੇ ਜਰਦੀ ਡਿਠੀ, ਦਾਰੂ ਦਰਮਲ ਕਰਦੀ ਡਿੱਠੀ।
ਫਿਰ ਉਲਾਂਘਾਂ ਭਰਦਾ ਡਿਠਾ, ਚੌੜਾਂ ਅੜੀਆਂ ਕਰਦਾ ਡਿੱਠਾ।
ਸੱਧਰਾਂ ਨਾਲ ਖਡੌਂਦੀ ਦੇਖੀ, ਆਪਣਾ ਜੀ ਪ੍ਰਚੌਂਦੀ ਦੇਖੀ।

ਭਜਦਾ ਡਿਠਾ ਉਂਗਲਾਂ ਫੜਦਾ, ਡਿਠਾ ਕਦੇ ਕੰਧਾੜੇ ਚੜ੍ਹਦਾ।
ਕਠੇ ਕਰ ਕਰ ਹਾਣੀ ਸਾਰੇ, ਇਕੋ ਜੇਡੇ ਪਿਆਰੇ ਪਿਆਰੇ।
ਖੇਡਾ ਕਦੇ ਰਚੌਂਦੇ ਡਿਠੇ, ਹਸਦੇ ਡਿਠੇ ਗੌਂਦੇ ਡਿਠੇ।
ਸਭ ਦੇ ਨਾਲ ਅਸ਼ਨਾਈ ਦੇਖੀ, ਦਿਲ ਦੀ ਖੂਬ ਸਫ਼ਾਈ ਦੇਖੀ।
ਲੋਂਹਦੇ ਵਟ ਨਾ ਪੋਂਹਦੇ ਪਾਲੇ, ਮਗਨ ਡਿਠੇ ਮੈਂ ਭੋਲੇ ਭਾਲੇ।
ਫੇਰ ਮਦਰਸੇ ਪੜ੍ਹਦਾ ਡਿਠਾ, ਪੱਟੀਆਂ ਕਾਇਦੇ ਖੜਦਾ ਡਿਠਾ।
ਡਿਠੀ ਫੇਰ ਦਵਾਤੀਂ ਸ਼ਾਹੀ, ਕਲਮ ਵੀ ਡਿਠੀ ਘੜੀ ਘੜਾਈ।
ਫੇਲ੍ਹ ਪਾਸ ਦੇ ਝੇੜੇ ਦੇਖੇ, ਹੁੰਦੇ ਕਈ ਬਖੇੜੇ ਦੇਖੇ।

ਫੇਰ ਮੈਂ ਡਿਠੀ ਚੜ੍ਹੀ ਜਵਾਨੀ, ਛੈਲ ਛਬੀਲੀ ਭਰ ਮਸਤਾਨੀ।
ਸਿਰ ਨੂੰ ਚੜ੍ਹੀਆਂ ਮਸਤ ਹਵਾਵਾਂ, ਉਡ ਉਡ ਚਮੜਨ ਲੱਖ ਬਲਾਵਾਂ

-੯੨-