ਇਹ ਸਫ਼ਾ ਪ੍ਰਮਾਣਿਤ ਹੈ

ਕਿਤੇ ਸਭਯਤਾ ਦੇ ਨੇ ਧੋਣੇ ਧੋਈਦੇ,
ਕਿਤੇ ਨੇ ਗੁਲਾਮੀ ਦੇ ਰੋਣੇ ਰੋਈਦੇ।
ਕਿਤੇ ਇਨਕਸਾਰੀ ਢੋਏ ਢੋਈਦੇ,
ਕਿਤੇ ਲੋਕ ਵਸਦੇ ਨੇ ਡਾਹਢੇ ਕੋਈਦੇ।
ਕਿਤੇ ਕੋਈ ਮੂੰਹ ਜ਼ੋਰ ਹੋ ਜੰਗ ਛੇੜੇ,
ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ।
ਕਿਤੇ ਸੱਤੀ ਵੀਹੀਂ ਹੈ ਸੌ ਜ਼ੋਰਾਵਰ ਦਾ,
ਕਿਤੇ ਕੋਈ ਨਿਮਾਣਾ ਹੈ ਚੱਟੀਆਂ ਈ ਭਰਦਾ।
ਕਿਤੇ ਹੈ ਧਨੀ ਕੋਈ ਗਲ ਆਨ ਕਰਦਾ,
ਕਿਤੇ ਕੋਈ ਗਰੀਬ ਨੂੰ ਝੋਰਾ ਹੈ ਜ਼ਰ ਦਾ।
ਛਿੜੇ ਹੋਏ ਨੇ ਹਰ ਥਾਂ ਇਹੋ ਹੀ ਝੇੜੇ,
ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ।
ਕਿਤੇ ਫੈਸ਼ਨਾਂ ਨੇ ਹੈ ਰਚਨਾ ਰਚਾਈ,
ਲਿਵਿੰਡਰ ਤੇ ਪੌਡਰ ਨੇ ਦੁਨੀਆ ਵਸਾਈ।
ਕਰੀਮਾਂ ਨੇ ਚੇਹਰੇ ਤੇ ਆਂਦੀ ਸਫਾਈ,
ਕਿਤੇ ਦੰਦ ਮੋਤੀ ਤੇ ਲੁਟ ਹੈ ਗੰਡੋਈ।
ਕਿਤੇ ਘਤੇ ਛਾਏ ਨੇ ਦੰਦੀਂ ਕਰੇੜੇ,
ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ।
ਤੇਰੀ ਸਾਜੀ ਹੋਈ ਹੈ ਮਖਲੂਕ ਸਾਰੀ,
ਕਿਤੇ ਵਿਤਕਰੇ ਕਿਉਂ ਕਰੇ ਤੂੰ ਹੈ ਧਾਰੀ।
ਇਹ ਕਿਧਰ ਦਾ ਖਾਲਕ ਪਨਾ ਮੇਰੇ ਬਾਰੀ,
ਤੂੰ 'ਹਿੰਦੀ' ਨੂੰ ਸਮਝਾ ਦੇ ਸਾਰੇ ਨਖੇੜੇ।
ਇਹ ਪਾਏ ਨੇ ਰੱਬਾ ਤੂੰ ਕੀ ਕੀ ਬਖੇੜੇ।

-੭-