ਇਹ ਸਫ਼ਾ ਪ੍ਰਮਾਣਿਤ ਹੈ

ਕਿਰਸਾਨ


ਕਕਰੀ ਰਾਤ ਏ ਦਿਨ ਸਿਆਲ ਦੇ,
ਪੈ ਪੈ ਕੇ ਕੋਰੇ ਨੇ ਹਡਾਂਂ ਨੂੰ ਗਾਲਦੇ।
ਨਿਘੀਆਂ ਬੁਕਲਾਂ ’ਚ ਸੁਤੀ ਲੁਕਾਈ ਏ,
ਠੰਢ ਨੇ ਪੈ ਪੈ ਕੇ ਠੰਢ ਵਰਤਾਈ ਏ।
ਸੁੰਝ ਮਸਾਨ ਏ, ਇਕ ਕਿਰਸਾਨ ਏ,
ਮੋਢੇ ਤੇ ਕਹੀ ਏ, ਪਾਣੀ ਦੀ ਪਈ ਏ।
ਆਡਾਂ ਨੂੰ ਤੋੜਦਾ, ਪਾਣੀ ਨੂੰ ਮੋੜਦਾ।
ਕੀੜੇ ਪਤੰਗੇ ਤੇ ਸਪ ਸਪੋਲੀਆਂ,
ਮਹੜੀਆਂ ਝਾਂਬੜਾਂ ਕੰਢੇ ਮਮੋਲੀਆਂ।
ਮਿਧਦਾ ਚਿਥਦਾ ਫਿਰੇ ਲਿਤਾੜਦਾ,
ਪਾਣੀ ਕੀ ਲੌਦਾ ਏ ਖੂਨ ਹੈ ਕਾਹੜਦਾ।

ਤਾਰੇ ਗਵਾਹ ਨੇ ਹਲਾਂ ਨੂੰ ਜੋੜਦਾ,
ਕਿਰਤ ਕਮਾਉਣੋਂ ਨਹੀਂ ਮੂੰਹ ਨੂੰ ਮੋੜਦਾ।
ਵਾਹੀ, ਬਿਆਈ, ਸੁਹਾਗੇ ਤੇ ਗੋਡੀਆਂ,
ਹਰੀ ਅੰਗੂਰੀ ਤੇ ਪਤੇ ਫੁਲ ਡੋਡੀਆਂ।
ਵੇਂਹਦਾ ਈ ਔਕੜਾਂ ਸਾਰੀਆਂ ਭੁਲਦਾ,
ਗਰਭ ਕਰੇਂਦਾ ਹੈ ਦਿਲ ਵਿਚ ਹੈ ਫੁਲਦਾ।
ਕੁੰਗੀਓਂ, ਅਨਹੋਂ ਤੇ ਵਾਇਓ, ਹਨੇਰੀਓ,
ਸੋਮਿਓ, ਤੋਲਿਓ, ਮੰਗ ਮੰਗਰਿਓ।

-੬੨-