ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਛਡਦੇ ਹਾਂ ਪਰ ਓਹ ਛਡਦੀ ਨਹੀਂ,
ਸਾਡੀ ਭਾ ਦੀ ਰਿਛ ਇਹ ਲੋਈ ਹੋਈ।
ਸਾਡੇ ਸੁਪਨਿਆਂ ਦੇ ਹੋ ਗਏ ਦਿਨ ਸੁਪਨੇ,
ਵੇਲੇ ਆਏ ਬਦੇਸੀ ਖਵਾਬ ਵਾਲੇ।
ਜਦੋਂ ਬੋਲੀ ਪੰਜਾਬੀ ਸੀ ਇਕ ਸਭ ਦੀ,
ਡਾਹਡੇ ਸੁਖੀ ਸਨ ਵਸਦੇ ਪੰਜਾਬ ਵਾਲੇ।

ਬਣੀ ਬੇਰੜਾ ਬੋਲੀ ਅਜਾਈਂ ਸਾਡੀ,
ਉਰਦੂ ਲਸ਼ਕਰੀ ਦਾ ਫੇਰ ਦੌਰ ਆਇਆ।
ਰਹਿਣੀ ਬਹਿਣੀ ਦੇ ਭੁੱਲ ਗਏ ਢੰਗ ਸਭੇ,
ਨਵਾਂ ਇਸ਼ਰਤ ਤਮਦਨ ਦਾ ਤੌਰ ਆਇਆ।
ਹਮਕੀ ਤੁਮਕੀ ਨੇ ਮੈਂ ਤੂੰ ਉਡਾ ਦਿਤੀ,
ਗਿਆ ਗੋਹ ਗਵਾਚ ਤੇ ਗੌਰ ਆਇਆ,
ਮਾਤ ਬੋਲੀ ਵੀ ਮਾਦਰੀ ਹੋਈ ਬੋਲੀ,
ਸਾਡੇ ਹੋਰ ਦੀ ਥਾਂ ਤੇ ਔਰ ਆਇਆ।
ਉੱਤਰ ਪ੍ਰਸ਼ਨ ਵੀ ਚਿਹਰਿਓਂ ਗਏ ਉੱਤਰ,
ਆ ਗਏ ਵਕਤ ਸਵਾਲ ਜਵਾਬ ਵਾਲੇ।
ਜਦੋਂ ਬੋਲੀ ਪੰਜਾਬੀ ਸੀ ਇਕ ਸਭ ਦੀ,
ਡਾਹਢੇ ਸੁਖੀ ਸਨ ਵਸਦੇ ਪੰਜਾਬ ਵਾਲੇ।

ਸਾਗਰ ਪਾਰੋਂ ਫਿਰ ਪਛਮੀ ਪਰੀ ਆ ਕੇ,
ਰਹਿੰਦੀ ਖੂੰਹਦੀ ਵੀ ਗਿੱਲ ਗਵਾ ਦਿਤੀ।
ਭਜੇ ਕਾਕੜੇ ਬੋਤਲਾਂ ਆਨ ਵੜੀਆਂ,
ਤੇ ਗਲਾਸ ਨੇ ਛਨੀ ਵਿਸਰਾ ਦਿਤੀ।
ਟਾਈਮ, ਮਿੰਟ, ਸੈਕੰਡ ਨੇ ਪਲ ਛਿਨ ਵਿਚ,
ਵੇਲੇ ਘੜੀ ਦੀ ਯਾਦ ਭੁਲਾ ਦਿਤੀ।

-੫੧-