ਇਹ ਸਫ਼ਾ ਪ੍ਰਮਾਣਿਤ ਹੈ

ਮੁਕਦਮੇ ਬਾਜ਼ੀ


ਚਾਹੜੀਆਂ, ਵਹੀਰਾਂ, ਕਟਕ, ਫੌਜਾਂ, ਫੌਜਦਾਰੀਆਂ ਨੇ
ਤਖਤ ਸਾਡੀ ਲਜ ਦਾ ਬੇ ਲਜ ਹੋ ਕੇ ਡੋਲਿਆ।
ਚੰਦਰੀ ਲੜਾਈ ਨੇ ਲੜਾਏ ਠੂਹਣੇ ਸੱਪ ਜ਼ਹਿਰੀ,
ਚਿਟੇ ਹੋ ਗਏ ਲਹੂ,ਦੁਧੀਂ ਵਿਸਾਂ ਨੂੰ ਹੈ ਘੋਲਿਆ।
ਹਲਾ ਸ਼ੇਰੀ ਜਿਤ ਕੇ, ਲਫਾਇਆ ਹੈ ਕਮਾਣ ਵਾਂਗ,
ਫੜ ਲਓ ਵੇ, ਤੀਰਾਂ ਫੜ ਹਾਰਾਂ 'ਚ ਪਰੋ ਲਿਆ।
ਆਪੇ ਆਪੋ ਧਾਪੀਆਂ ਨੂੰ ਬੈਠ ਕੇ ਨਜਿਠਿਆ ਨਾ,
ਪਰ੍ਹੇ ਦੀਆਂ ਮੰਨੀਆਂ ਨਾ ਠਾਣੇ ਜਾ ਖਲੋ ਲਿਆ।
ਹਾਕਮਾਂ, ਵਕੀਲਾਂ ਦੀਆਂ ਚਟੀਆਂ ਤੇ ਮਿਹਨਤਾਂ ਨੇ,
ਤਾਰੇ ਡੁਬ ਕਰਜ ਵਿਚ ਝੁਗੀਆਂ ਨੂੰ ਧੋ ਲਿਆ।
ਵਿਦਿਆ ਤੋਂ ਸਖਣੇ ਹਾਂ ਜੇਹਲਖਾਨੇ ਭਰੀ ਜਾਈਏ,
ਕੋਹਲੂ ਪਏ ਪੀੜੀਏ ਤੇ ਚਕੀਆਂ ਨੂੰ ਝੋ ਲਿਆ,
ਖੁਲ੍ਹੇ ਸ਼ੇਰ ਬਝ ਬਝ ਮੋਏ ਕਾਲ ਕੋਠੀਆਂ 'ਚ,
ਬੇੜੀਆਂ ਨੇ ਰੜੇ ਸਾਡੀ ਬੇੜੀ ਨੂੰ ਡਬੋ ਲਿਆ।
ਕਲਰੀ ਜ਼ਮੀਨ ਵਿਚ ਹਲਟ ਦੋਹਾਂ ਦੀਦਿਆਂ ਦੇ,
ਗੇੜੇ ਦੇਣ ਲਈ ਜੱਗ ਹੋਕਿਆਂ ਨੂੰ ਜੋ ਲਿਆ।
ਆਪੇ ਸਦਾਂ ਮਾਰ ਮਾਰ ਸਦਿਆ ਮੁਸੀਬਤਾਂ ਨੂੰ,
ਮਖਣਾਂ ਦੀ ਰੁਨ੍ਹੀ ਦੇਹੀ ਨੂੰ ਮਿਟੀ ਵਿਚ ਗੋਹ ਲਿਆ।

-੪੮-