ਇਹ ਸਫ਼ਾ ਪ੍ਰਮਾਣਿਤ ਹੈ

ਧੜੇ ਬਾਜ਼ੀਆਂ ਵਿਚ ਨਮੋਸ਼ੀਆਂ ਨੇਂ,
ਕਾਹਨੂੰ ਆਪਣੇ ਆਪ ਨੂੰ ਭੰਡ ਲਈਏ।
ਚਾਰ ਦਿਨ ਦਾ ਜੀਵਨਾ ਜਗ ਉਤੇ,
ਸਿਰ ਤੇ ਕਾਸ ਲਈ ਪਾਪਾਂ ਦੀ ਪੰਡ ਲਈਏ।
ਸੂਤ ਨਾਲ ਸਭੇ ਕੰਮ ਸੂਤ ਹੋਵਣ,
ਕਾਹਨੂੰ ਕਿਸੇ ਥੀਂ ਮੁਖ ਮਰੋੜ ਲਈਏ।
ਜੇਹੜਾ ਵੀਰ ਬੁਵਾਹਰਿਆਂ ਜਾਏ ਸਾਥੋਂ,
ਉਹਨੂੰ ਨਾਲ ਪਿਆਰ ਦੇ ਮੋੜ ਲਈਏ।

ਗੁੜ ਗੂਹੜ ਦਾ ਸਕ ਸਲੂਕ ਵਾਲਾ,
ਜੇਕਰ ਮੋਹ ਦੇ ਮਟ ਵਿਚ ਪਾ ਲਈਏ।
ਪਾਣੀ ਪ੍ਰੀਤ ਦੇ ਨਾਲ ਝੁੱਬਲ ਲਈਏ,
ਕੁਝ ਚਿਰ ਵਿਚ ਪ੍ਰੇਮ ਦਬਾ ਲਈਏ।
ਜਦੋਂ ਨਿਤਰੇ ਕੁੰਗ ਸਮਾਣ ਹੋਵੇ,
ਏਕਤਾਈ ਦੀ ਭੱਠੀ ਚੜ੍ਹਾ ਲਈਏ।
ਆਪੋ ਧਾਪਿਆਂ ਦੀ ਅੱਗ ਬਾਲ ਹੇਠਾਂ,
ਅਤੇ ਨਾਲ ਪਿਆਰ ਦੀ ਲਾ ਲਈਏ।
ਫੇਰ ਨਸ਼ੇ ਆਨੰਦ ਦੀ ਤਾਰ ਬਝੇ,
ਮਿੱਠੀ ਸ਼ੈਹਦ ਕੋਲੋਂ ਪਹਿਲੇ ਤੋੜ ਲਈਏ।
ਏਸੇ ਨਸ਼ੇ ਦੇ ਵਿਚ ਗਲਤਾਨ ਰਹੀਏ,
ਅਮਲਾਂ ਭੈੜਿਆਂ ਥੀਂ ਮੂੰਹ ਮੋੜ ਲਈਏ।

ਬੜੀਆਂ ਬਰਕਤਾਂ ਏਕੇ ਦੇ ਵਿਚ ਲੱਭਣ,
ਸਾਰੇ ਸੁਖਾਂ ਦਾ ਇਕ ਭੰਡਾਰ ਏਕਾ।
ਏਕੇ ਨਾਲ ਹਜ਼ਾਰ ਨੇ ਮਾਣ ਸਾਡੇ,
ਲੱਖਾਂ ਆਦਰਾਂ ਦਾ ਬਖਸ਼ਨਹਾਰ ਏਕਾ।

-੪੩-