ਪੰਨਾ:ਚੰਦ-ਕਿਨਾਰੇ.pdf/20

ਇਹ ਸਫ਼ਾ ਪ੍ਰਮਾਣਿਤ ਹੈ

ਚੰਨ-ਮਾਨਸ-ਧਾਰਾਂ ਨੇ ਰੰਗਿਆ ਰਾਤਾਂ ਦਾ ਪ੍ਰਛਾਵਾਂ
ਸੁਰਗ-ਲੋਕ ਚੋਂ ਆ ਜਾ ਤੂੰ, ਮੈਂ ਮ੍ਰਿਤ-ਲੋਕ ਚੋਂ ਆਵਾਂ
ਰਾਸ ਰਚਾਈਏ ਚੰਨ ਕਿਨਾਰੇ
ਆ ਨੀ ਚੰਨੀਏ ਚੰਨ ਕਿਨਾਰੇ।
***

ਚੰਨ-ਕਿਨਾਰੇ ਮਿਲ ਮਿਲ ਗਾਈਏ ਗੀਤ ਗਮਕ-ਭਰਪੂਰ
ਇਕ ਸੰਗੀਤ-ਪਿਆਲੀ ਵਿਚ ਛਲਕੇ ਅਰਸ਼ ਫਰਸ਼ ਦਾ ਨੂਰ
ਤ੍ਰੈ-ਲੋਕੀ ਦੀਆਂ ਕਾਲ-ਗੁਫਾਂ ਵਿਚ ਗੂੰਜੇ ਨਗ਼ਮਾ-ਤੂਰ
ਕਰ ਬ੍ਰਹਿਮੰਡਾਂ ਨਵਖੰਡਾਂ ਦੇ ਹਦ-ਹਨੇਰੇ ਦੂਰ
ਰਚੀਏ ਇਕ ਆਜ਼ਾਦ ਫ਼ਿਜ਼ਾ ਵਿਚ ਧਰਤ ਪਤਾਲ ਸਿਆਰੇ
ਆ ਨੀ ਚੰਨੀਏ ਚੰਨ-ਕਿਨਾਰੇ।
***

ਕਬਰ ਕਬਰ ਵਿਚ ਹੋਵੇ ਝਿਲ ਮਿਲ
ਬਣੇ ਹੰਸਣੀ ਮੌਤ ਦੀ ਕੋਇਲ
ਚੁਗ ਚੁਗ ਮੋਤੀ ਤਾਰੇ
ਆ ਨੀ ਚਨੀਏ ਚੰਨ-ਕਿਨਾਰੇ।

੧੮