ਪੰਨਾ:ਚੰਦ-ਕਿਨਾਰੇ.pdf/17

ਇਹ ਸਫ਼ਾ ਪ੍ਰਮਾਣਿਤ ਹੈ

ਕਵਿਤਾ ਇਸਦਾ ਜੀਵਨ ਹੈ ਤੇ ਇਸਦਾ ਜੀਵਨ ਇਸ ਦੀ ਕਵਿਤਾ। ਇਹ ਨੇੜ ਦੀ ਵਡਿਆਈ ਨਹੀਂ। ਕਿਉਂ ਜੋ ਨਾ ਉਹ ਇਸ਼ਤਿਹਾਰੀ ਕਵੀ ਹੈ ਤੇ ਨਾ ਇਸ ਨੂੰ ਤੇ ਇਸ ਦੀ ਕਵਿਤਾ ਨੂੰ ਇਸ਼ਤਿਹਾਰਬਾਜ਼ੀ ਦੀ ਲੋੜ ਹੈ। ਮੈਂ ਅਜ ਕਲ ਦੇ ਅਜਿਹੇ ਕਵੀ ਪੜ੍ਹੇ ਹਨ ਜਿਨ੍ਹਾਂ ਦੀ ਕਵਿਤਾ ਦਾ ਇਕ ਬੰਦ ਵੀ ਅਜਿਹਾ ਨਹੀਂ ਜੋ ਅਮਰ ਰਹਿ ਸਕੇ, ਪਰ ਉਹਨਾਂ ਨੂੰ ਨਾ ਕੇਵਲ ਖੁਦ ਨੂੰ ਹੀ ਕਵੀ ਹੋਣ ਦੀ ਗ਼ਲਤਫ਼ਹਿਮੀ ਹੈ, ਸਗੋਂ ਆਲੋਚਕ ਸਜਣ ਵੀ ਆਪਣੀ ਚਣਵੀਂ ਕਵਿਤਾ ਵਿਚ ਉਹਨਾਂ ਦਾ ਜ਼ਿਕਰ ਵੱਡੀ ਸ਼ਲਾਘਾ ਨਾਲ ਕਰਦੇ ਹਨ। ਉਹਨਾਂ ਦਾ ਜ਼ਿਕਰ ਇਥੋਂ ਦਾ ਵਿਸ਼ਾ ਨਹੀਂ। ਪਰ 'ਸਾਕੀ' ਨੂੰ ਸਮਰਥ ਹੁੰਦੇ ਹੋਏ ਵੀ ਕੋਈ ਗ਼ਲਤ ਫ਼ਹਿਮੀ ਨਹੀਂ। ਮੇਰੀਆਂ ਨਜ਼ਰਾਂ ਵਿਚ ਇਹ ਬਹੁਤ ਕੁਝ ਹੈ ਤੇ ਬਹੁਤ ਕਝ ਬਣੇਗਾ। ਇਸਦੀ ਆਪਣੀ ਨਜ਼ਰ ਵਿਚ ਉਹ ਬਹੁਤ ਘਟ ਹੈ। ਪਰ ਭਵਿਖਤ ਬਾਰੇ ਇਸ ਨੂੰ ਵੀ ਸ਼ੱਕ ਨਹੀਂ।

'ਸਾਕੀ' ਦੇ ਖ਼ਿਆਲ ਵਿਚ ਇਸਦੀ ਕਵਿਤਾ ਹਾਲੇ ਨਿਆਣੀ ਹੈ, ਇਸ ਦੇ ਅੰਗ ਹਾਲੀ ਸੂਖਮ ਹਨ; ਕਵੀ ਦੀ ਬਾਂਹ ਵਿਚ ਬਾਂਹ ਫਸਾ ਕੇ ਉਹ ਹਾਲੀ ਅਸਮਾਨੀ ਨਹੀਂ ਉੱਡ ਸਕਦੀ ਪਰ ਸਦਾ ਇਹ ਸਮਾਂ ਨਹੀਂ ਰਹੇਗਾ। ਸਮੇਂ ਦੇ ਨਾਲ ਨਾਲ ਇਸਦੀ ਕਵਿਤਾ ਜ਼ਰੂਰ ਸਿਆਣੀ ਹੋਵੇਗੀ, ਇਸ ਦੇ ਬਚਪਨ ਚੋਂ ਰੱਬ ਦੀ ਜਵਾਨੀ ਜ਼ਰੂਰ ਜੰਮੇਗੀ, ਕਵਿਤਾ ਦੀ ਹਿੱਕ ਦੇ ਲਾਟੂ ਲਿਸ਼ਕਣਗੇ ਤੇ ਉਸ ਦੇ ਜੋਬਨ ਦਾ ਵਿਕਾਸ ਹੋਵੇਗਾ। ਤਦ ਕਵੀ ਦੀ ਕਵਿਤਾ ਕਵੀ ਦੇ ਦਿਲ ਦੇ ਜੋਸ਼ ਨੂੰ ਤੇ ਉਸ ਦੇ ਸੀਨੇ ਦੀ ਅੱਗ ਨੂੰ ਸਹਿਨ ਕਰ ਸਕੇਗੀ, ਤਦ ਚੰਦ-ਕਿਨਾਰੇ ਇਕ ਨਵੀਂ ਦੁਨੀਆ ਵਸੇਗੀ ਜੋ ਕਵੀ ਦੀ ਮੰਜ਼ਲ ਹੈ।

ਕਵਿਤਾ ਸੁਰਗੀ ਚੀਜ਼ ਹੈ ਤੇ ਕਵੀ ਮ੍ਰਿਤ-ਲੋਕ ਦਾ ਵਾਸੀ। ਚੰਦ ਵਿਚਾਲਾ ਹੈ ਤੇ ਉਸ ਦੇ ਕਿਨਾਰੇ ਦੋਵਾਂ ਮਿਲ ਜਾਣਗੇ, ਇਕ ਸੰਗੀਤ-ਪਿਆਲੀ ਵਿਚ ਅਰਸ਼ ਫ਼ਰਸ਼ ਦਾ ਨੂਰ ਛਲਕੇਗਾ। ਚਨ-ਕਿਨਾਰੇ ਕਵੀ ਤੇ ਕਵਿਤਾ ਦੀ ਰਚਾਈ ਹੋਈ ਰਾਸ ਸਦਾ ਲਈ ਦੋਹਾਂ ਨੂੰ ਇਕ ਮਿਕ ਕਰ ਦੇਵੇਗੀ।

'ਸਾਕੀ' ਨੂੰ ਪੰਜਾਬੀ ਸਾਹਿੱਤ ਵਿਚ ਉਚੇਚਾ ਸਥਾਨ ਦੇਣ ਲਈ ਸਾਹਿੱੱਤਕ ਆਗੂਆਂ ਨੂੰ ਛੇਤੀ ਹੀ ਧਿਆਨ ਦੇਣ ਦੀ ਲੋੜ ਹੈ। ਇਸ ਵਿਚ ਕੋਈ ਸੰਦੇਹ ਨਹੀਂ।

ਭੂਲੇਸ਼ਵਰ, ਬੰਬਈ
੩ ਅਪਰੈਲ, ੧੯੪੫

ਕੁੰਵਰ ਬਾਬੂ