ਪੰਨਾ:ਚੰਦ-ਕਿਨਾਰੇ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਫ਼ਰ ਫ਼ਰ ਫ਼ਰ ਦਿਲ ਦੀ ਕਵਿਤਾ ਅਰਸ਼ੀਂ ਚ ਚੜ੍ਹਦੀ ਜਾਂਦੀ ਸੀ।
ਬਿਜਲੀ ਦੀ ਜਵਾਲਾ ਵਿਚ ਰਲ ਕੇ ਝਲਕੇ ਝਲਕਾਂਦੀ ਸੀ
ਸੱਤ ਅਕਾਸ਼ਾਂ ਨੂੰ ਚੁੰਧਿਆਕੇ ਆ ਭਾਹ ਫੈਲਾਂਦੀ ਸੀ
ਸ਼ੀਸ਼ਿਆਂ ਵਾਂਗ ਸਾਗਰਾਂ ਦੇ ਜਲ ਨਿਰਮਲ ਲਿਸ਼ਕਾਂਦੀ ਸੀ

ਗਗਨਾਂ ਦੇ ਵਾਯੂ ਮੰਡਲ ਕਵਿਤਾ-ਮੱਯ ਹੋ ਗਏ ਆ ਕੇ
ਸਾਰੇ ਅੰਬਰ ਭਰ ਦਿਤੇ ਇਕ ਦਮ ਮੇਘਾਂ ਨੇ ਛਾ ਕੇ
ਝੁਲੀਆਂ ਤਦ ਫਿਰ ਘਟਾਂ ਧਰਤ ਨੂੰ ਆਪੇ ਝੂੰਮ-ਝੁੰਮਾ ਕੇ
ਛਮ-ਛਮ ਝਮ-ਝਮ ਕਰੁਣਾ ਰਸ ਦੇ ਛੁਟੇ ਕਈ ਛਟਾਕੇ

ਭਰ ਦਿਤੇ ਜੰਗਲ ਤੇ ਬੇਲੇ ਡਕੇ ਸੁੰਵ ਉਜਾੜਾਂ
ਵਰ੍ਹੀਆਂ ਖੁਲ੍ਹ ਖੁਲ੍ਹ ਫੁਲ-ਪਤ੍ਰਾਂ ਤੇ ਕਰੁਨਾ-ਰਸ ਦੀਆਂ ਧਾਰਾਂ
ਵਜ ਉਠੀਆਂ ਫਿਰ ਆਪੇ ਕੰਬ-ਕੰਬ ਕੇ ਵੀਨਾਂ ਦੀਆਂ ਤਾਰਾਂ
ਕਣ-ਕਣ ਦੇ ਸੀਨੇ ਚੋਂ ਫੁਟਕੇ ਨਿਕਲ ਗਈਆਂ ਪੁਕਾਰਾਂ

ਝੰਕ੍ਰਤ ਵੀਣਾਂ ਦੇ ਸੁਰ ਵੀ ਕਰੁਨਾ ਗਾਵਨ ਲਗੇ ਸਨ
ਮਿਲਦੇ ਧਰਤੀ ਅੰਬਰ ਤਕ ਗੂੰਜਾਂ ਪਾਵਣ ਲਗੇ ਸਨ
ਤਿੰਨ ਲੋਕਾਂ ਦੇ ਦਿਲ ਭੋਂ ਉਤੇ ਡਡਿਆਵਣ ਲਗੇ ਸਨ
ਸਤ ਦੀਪਾਂ ਦੇ ਦੀਦੇ ਮਿਲਕੇ ਕੁਰਲਾਵਣ ਲਗੇ ਸਨ




੧੧੦