ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/79

ਇਹ ਸਫ਼ਾ ਪ੍ਰਮਾਣਿਤ ਹੈ

ਦੇ ਫੁਲ ਚੁਣ ਲਿਆਏ। ਇਹਨਾ ਫੁਲਾਂ ਨੂੰ ਤੁਸੀਂ ਸਾਂਭ ਸਾਂਭ ਰਖਣਾ ਚਾਹਿਆ, ਇਹਨਾਂ ਉਤੇ ਰੋਜ਼ਾਨਾ ਤੁਸਾਂ ਆਪਣੇ ਬਾਗ਼ ਚੋ ਤੋੜ ਕੇ ਤਾਜ਼ਾ ਫੁਲ ਚਾੜ੍ਹੇ। ਪਰ ਤੁਸੀਂ ਮਾਂ ਦੇ ਫੁੱਲਾਂ ਨੂੰ ਬਹੁਤਾ ਚਿਰ ਆਪਣੇ ਕਬਜ਼ੇ ਵਿਚ ਨਹੀਂ ਰਖ ਸਕਦੇ। ਕੁਦਰਤ ਇਹਨਾਂ ਫੁਲਾਂ ਨੂੰ ਮੁੜ ਆਪਣੇ ਖੇੜੇ ਵਿਚ ਸ਼ਾਮਲ ਕਰਨ ਲਈ ਵਾਪਸ ਮੰਗਦੀ ਹੈ। ਤੁਸੀਂ ਗੰਗਾ ਜੀ ਜਾਂ ਕਿਸੇ ਹੋਰ ਭਰ-ਵਗਦੀ ਨਦੀ ਵਿਚ ਆਪਣੀ ਮਾਂ ਦੀ ਅਖੀਰਲੀ ਨਿਸ਼ਾਨੀ ਪਰਵਾਹ ਆਏ। ਓਸ ਵੇਲੇ ਤੁਹਾਨੂੰ ਜਾਪੇਗਾ, ਤੁਹਾਡਾ ਇਕ ਹਿੱਸਾ ਅਜ ਮਰ ਗਿਆ ਹੈ——ਤੁਸੀਂ ਜੀਵੋਗੇ, ਪਰ ਅਪਣੇ ਆਪ ਵਿਚ ਮਹਿਸੂਸ ਨਹੀਂ ਕਰ ਸਕੋਗੇ।

ਪਰ ਜੇ ਤੁਸੀਂ ਉਹਨਾਂ ਵਿਰਲਿਆਂ ਵਿਚੋਂ ਹੋ ਜਿਨ੍ਹਾਂ ਆਪਣੀ ਮਾਂ ਦੇ ਅਖ਼ੀਰਲੇ ਸਾਲ ਸੁਖਾਵੇਂ ਬਣਾਨ ਵਿਚ ਰਤਾ ਕਸਰ ਨਹੀਂ ਛਡੀ ਤਾਂ ਤੁਹਾਡਾ ਮਨ ਹਸਰਤਾਂ ਤੋਂ ਖ਼ਾਲੀ ਸਦਾ ਏਉਂ ਹੀ ਮਹਿਸੂਸ ਕਰੇਗਾ, ਜਿਉਂ ਤੁਹਾਡੀ ਮਾਂ ਸਦਾ ਤੁਹਾਡੇ ਅੰਗ ਸੰਗ ਰਹਿੰਦੀ ਹੈ, ਤੇ ਜਿਸ ਦਿਨ ਤੁਸੀਂ ਏਸ ਦੁਨੀਆਂ ਉਤੋਂ ਆਪਣੀਆਂ ਅੱਖਾਂ ਮੀਟੋਗੇ ਤਾਂ ਮੁੜ ਇਕ ਵਾਰੀ ਆਪਣੀ ਮਾਂ ਦੀ ਸੁਖਾਂਲੱਦੀ ਗੋਦ ਵਿਚ ਬੱਚਾ ਬਣਿਆ ਮਹਿਸੂਸ ਕਰੋਗੇ, ਤੇ ਤੁਹਾਨੂੰ ਮੌਤ ਡਰਾਉਣੀ ਨਹੀਂ, ਸੁਹਾਉਣੀ ਲਗੇਗੀ।


*

੯੪