ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/231

ਇਹ ਸਫ਼ਾ ਪ੍ਰਮਾਣਿਤ ਹੈ

ਖੁਲ ਕੇ ਤੁਹਾਡੇ ਟੁਕੜਿਆਂ ਤੇ ਪਲ ਜਾਏਗੀ।" ਪ੍ਰੀਤੋ ਨੂੰ ਚਿਤ ਚੇਤਾ ਵੀ ਨਹੀਂ ਸੀ ਕਿਡੀ ਕੂ ਸੀ ਜਦੋਂ ਤੋਂ ਉਹ ਆਪਣੇ ਘਰ ਲਈ ਕਮਾਣ ਲਗ ਪਈ ਸੀ।

ਉਹਦੇ ਸਰਦਾਰ ਤੇ ਬੀਬੀ ਬੜੇ ਚੰਗੇ ਸਨ, ਹਰ ਮਹੀਨੇ ਆਪ ਹੀ ਓਹਦੇ ਪਿਓ ਨੂੰ ਡਾਕਖ਼ਾਨੇ ਰਾਹੀਂ ਪੈਸੇ ਘਲਾ ਦੇਂਦੇ ਸਨ। ਓਹਦੇ ਸਰਦਾਰ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਸਨ, ਜਲੰਧਰ, ਪੂਨਾ, ਮਦਰਾਸ, ਸ੍ਰੀ ਨਗਰ, - ਤੇ ਓਹ ਵੀ ਨਾਲ ਇਹਨਾਂ ਥਾਵਾਂ ਤੇ ਹੋ ਆਈ ਸੀ। ਇਹਨਾਂ ਸ਼ਹਿਰਾਂ ਦਾ ਭਾਵੇਂ ਓਹਨੂੰ ਕੁਝ ਯਾਦ ਹੋਵੇ - ਪਰ ਆਪਣੇ ਪਿੰਡ ਦਾ ਸਭ ਕੁਝ ਵਿਸਰਦਾ ਜਾਂਦਾ ਸੀ, ਸਿਵਾਏ ਇਹਦੇ ਕਿ ਓਹਨਾਂ ਦੇ ਪਿੰਡ ਦੇ ਬਾਹਰਵਾਰ ਇਕ ਵਡਾ ਸਾਰਾ ਛਪੜ ਸੀ, ਤੇ ਇਸ ਛਪੜ ਤੇ ਇਕ ਟੁਟੀ ਹੋਈ ਗਡ ਪਈ ਸੀ। ਛਪੜ ਤੇ ਟੀ ਹੋਈ ਗਡ, ਤੇ ਬਸ, ਹੋਰ ਕੋਈ ਚੇਤਾ ਨਾ, ਸਹੇਲੀਆਂ ਨਾਲ ਘਰ ਘਰ ਖੇਡਣ ਦਾ, ਗੁਡੀ ਗੁਡੇ ਦੇ ਵਿਆਹ ਦਾ, ਮਿਟੀ ਦੇ ਖਿਡੌਣਿਆਂ ਦਾ, ਲੁਕਣ ਮਿਚਾਈ ਦਾ, ਆਲ ਮਾਲ ਪੂਰੇ ਹੋਏ ਥਾਲ, ਕੋਈ ਵੀ ਨਾ।

ਆਪਣੀ ਮਾਂ ਦੀ ਵੀ ਓਹਨੂੰ ਬੜੀ ਧੁੰਦਲੀ ਜਹੀ ਯਾਦ ਸੀ। ਹਾਂ, ਮਾਂ ਦੀ ਓਹਨੂੰ ਇਕ ਗਲ ਪਕੀ ਤਰ੍ਹਾ ਯਾਦ ਸੀ। ਓਹਦਾ ਬਾਪੂ ਕੁਝ ਦਿਨਾਂ ਤੋਂ ਢਿਲਾ ਸੀ। ਮਾਂ ਨੇ ਓਹਦੇ ਲਈ ਦੁਧ ਤਤਾ ਰਖਿਆ ਹੋਇਆ ਸੀ। ਪ੍ਰੀਤੋ ਦੁਧ ਲਈ ਖਹਿੜੇ ਪੈ ਗਈ। ਤਾਂ ਮਾਂ ਨੇ ਕਿਹਾ ਸੀ, "ਕੁੜੀਆਂ ਦੁਧ ਨਹੀਂ ਪੀਂਦੀਆਂ-ਖ਼ਬਰਦਾਰ ਜੇ ਕਦੇ ਤੂੰ ਦੁਧ ਨੂੰ ਮੁੰਹ ਲਾਇਆ। ਤੇਰੇ ਢਿਡ ਵਿਚ ਸੋਜ ਪੈ ਜਾਏਗੀ ਤੇ ਤੂੰ ਮਰ ਜਾਵੇਗੀ।" ਤੇ ਹੁਣ ਤਕ ਕਦੇ ਦੁਧ ਪੀਣ ਦਾ ਹੀਆ ਉਹਨੂੰ ਨਹੀਂ ਸੀ ਪਿਆ। ਓਹਦੀ ਬੀਬੀ ਓਹਨੂੰ

੨੪੬