ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/219

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਵਾਰ ਨਰਾਤੇ ਰਖਦੀ, ਕੰਜਕਾਂ ਖੂਹ ਦੀਆਂ ਟਿੰਡਾਂ ਵਾਕੁਰ ਆਉਂਦੀਆਂ, ਪੂਜਾ ਕਰਵਾਂਦੀਆਂ ਤੇ ਟੁਰ ਜਾਂਦੀਆਂ। ਖਾਲੀ ਟਿੰਡਾਂ ਭਰੀਆਂ ਜਾਂਦੀਆਂ, ਕੋਈ ਵੀ ਕੰਜਕ ਸਾਰੀ ਉਮਰ ਕੰਜਕ ਨਾ ਰਹੀ, ਪਰ ਉਹ ਹਰ ਵਰ੍ਹੇ ਨਵੀਆਂ ਕੰਜਕਾਂ ਪੂਜ ਲੈਂਦੀ। ਕਹਿੰਦੇ ਨੇ ਵਰਤ ਨੇਮ ਰਖਣ ਨਾਲ ਮਰਨ ਵਾਲੇ ਦੀ ਰੂਹ ਨੂੰ ਸ਼ਾਂਤੀ ਮਿਲਦੀ ਹੈ, ਉਸ ਨੂੰ ਇਸੇ ਗਲ ਦਾ ਆਸਰਾ ਸੀ ਕਿ ਉਹ ਕੋਈ ਨੇਮ ਭੰਗ ਨਹੀਂ ਕਰਦੀ, ਮਰਨ ਵਾਲੇ ਨੂੰ ਸ਼ਾਂਤੀ ਭੇਜ ਰਹੀ ਹੈ।

ਅਜ ਉਸ ਨੂੰ ਜਾਪਿਆ ਜਿਵੇਂ ਧਰਤੀ ਦੋ ਫਾੜ ਹੋ ਗਈ ਹੋਵੇ। ਉਮਰਾਂ ਦੀਆਂ ਸਾਂਝਾਂ ਟੁਟ ਗਈਆਂ ਹੋਣ, ਮਰਨ ਵਾਲਾ ਉਸ ਦਾ ਕੌਣ ਸੀ। ਉਸਨੇ ਕਦੇ ਨਾ ਮੈਨੂੰ ਆ ਕੇ ਪੁਛਿਆ ਕਿ ਮੇਰੇ ਦਿਨ ਕਿਵੇਂ ਲੰਘਦੇ ਸਨ, ਮੇਰੀਆਂ ਰਾਤਾਂ ਕਿਵੇਂ ਬੀਤਦੀਆਂ ਸਨ। ਮੇਰੀ ਕਿਵੇਂ ਜਵਾਨੀ ਕਟੀ, ਮੈਂ ਕਿਵੇਂ ਬੁਢੇਪਾ ਕਟਾਂਗੀ, ਮੈਂ ਜਪ ਕਰਦੀ, ਮੈਂ ਤਪ ਕਰਦੀ, ਮੈਂ ਵਰਤ ਰਖਦੀ, ਮੈਂ ਨੇਮ ਧਾਰਦੀ, ਜੀਵਨ ਦੇ ਸਾਰੇ ਕੰਡੇ ਮੈਂ ਆਪਣੇ ਪੈਰਾਂ ਹੇਠ ਵਿਛਾ ਲਏ, ਤੇ ਜਪ ਤਪ ਦਾ ਫਲ ਮੈਂ ਓਸ ਨੂੰ ਭੇਜਦੀ ਰਹੀ, ਉਹ ਮੇਰਾ ਕੌਣ ਸੀ? ਮੈਂ ਉਸ ਨੂੰ ਕਦੇ ਤਕ ਨਹੀਂ ਡਿਠਾ, ਮੈਂ ਉਸ ਨਾਲ ਕਦੇ ਬੋਲ ਨਹੀਂ ਡਿਠਾ। ਇਹਨਾਂ ਖ਼ਿਆਲਾਂ ਨਾਲ ਉਸ ਨੂੰ ਜਾਪਿਆ ਜਿਵੇਂ ਧਰਤੀ ਦੋ ਫਾੜ ਹੋ ਗਈ ਹੋਵੇ।

ਧਰਤੀ ਦੀ ਸਾਂਝ ਤਾਂ ਦਰ ਅਸਲ ਹੈ ਈ ਨਹੀਂ ਸੀ, ਉਹ ਤਾਂ ਚਰੋਕਣਾ ਸ੍ਵਰਗ ਲੋਕ ਵਿਚ ਸੀ, ਤੇ ਉਸ ਦੇ ਨਾਂ ‘ਤੇ ਜੀਣ ਵਾਲ ਅਜੇ ਮਾਤ ਲੋਕ ਵਿਚ ਸੀ।

ਉਸਦੇ ਦਿਲ ਵਿਚ ਵਲ੍ਹੇਟ ਪਿਆ ਜਿਵੇਂ ਉਸ ਦੀਆਂ ਆਂਦਰਾਂ ਵਿਚ ਮੋਟੀਆਂ ਮੋਟੀਆਂ ਗੰਢਾਂ ਪੈ ਗਈਆਂ ਹੋਣ।

੨੩੪