ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/181

ਇਹ ਸਫ਼ਾ ਪ੍ਰਮਾਣਿਤ ਹੈ

ਕਰਤਾਰ ਸਿੰਘ ਦੁੱਗਲ

*

ਗੌਸ ਪੀਰ ਦੇ ਸ਼ਹਿਰ ਵਿਚ

"ਬਾਬਾ" ਬੁਢੇ ਟਾਂਗੇ ਵਾਲੇ ਨੂੰ ਖੜਾ ਕਰਕੇ ਪਹਿਲੇ ਮੈਂ ਸੋਚਿਆ ਉਸਨੂੰ ਸਮਝਾ ਲਵਾਂ, "ਬਾਬਾ, ਗਲ ਅਸਲ ਵਿਚ ਇਹ ਵੇ ਕਿ ਸਾਨੂੰ ਨਿਕਾ ਜਿਹਾ ਕੰਮ ਹੈ, ਏਥੋਂ ਦੇ ਪੁਲੀਸ ਸਟੇਸ਼ਨ ਵਿਚ ਜਿਥੇ ਕੋਈ ਦਸ ਪੰਦਰਾਂ ਮਿੰਟ ਵਧ ਤੋਂ ਵਧ ਲਗ ਜਾਣਗੇ। ਤੇ ਫੇਰ ਉਸ ਤੋਂ ਬਾਅਦ ਸਾਨੂੰ ਸਿਆਲਕੋਟ ਦੀ ਜ਼ਰਾ ਸੈਰ ਕਰਵਾ ਦਈਂ ਤੇ ਪਿਛਲੇ ਪਹਿਰ ਅਸੀਂ ਵਾਪਸ ਲਾਹੌਰ ਚਲੇ ਜਾਵਾਂਗੇ।"

"ਬਹੁਤ ਅਛਾ", ਬੁਢੇ ਨੇ ਸਿਰ ਹਿਲਾਂਦੇ ਹੋਏ, ਸਮਝਦੇ ਹੋਏ ਕਿਹਾ।

"ਤੇ ਹੁਣ ਬਾਬਾ ਤੂੰ ਸਾਨੂੰ ਕਿਸੇ ਜਹੇ ਹੋਟਲ ਵਿਚ ਲੈ ਚਲ ਜਿਥੇ ਅਸੀਂ ਆਪਣਾ ਇਹ ਸਾਮਾਨ ਰਖ ਦਈਏ ਤੇ ਜ਼ਰਾ ਮੂੰਹ ਹਥ ਧੋਕੇ ਨਾਸ਼ਤਾ ਕਰ ਲਈਏ।"

੧੯੬