ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/146

ਇਹ ਸਫ਼ਾ ਪ੍ਰਮਾਣਿਤ ਹੈ

ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੇ ਮੁਖੀ ਜਥੇਦਾਰ ਸਰਦਾਰ ਚੜ੍ਹਤ ਸਿੰਘ ਦੇ ਸਪੁਤਰ ਸਰਦਾਰ ਮਹਾਂ ਸਿੰਘ ਦੇ ਸਾਹਿਬਜ਼ਾਦੇ ਸਨ। ਆਪ ਨੇ ੨ ਮੱਘਰ ਸੰਮਤ ੧੮੩੭ ਨੂੰ ਸ਼ਹਿਰ ਗੁਜਰਾਂਵਾਲੇ ਵਿਖੇ ਜਨਮ ਲਿਆ। ਆਪ ਛੋਟੀ ਉੁਮਰ ਤੋਂ ਹੀ ਬੜੇ ਸੁਘੜ ਸਿਆਣੇ ਸਨ, ਅਤੇ ਘੋੜੇ ਦੀ ਸਵਾਰੀ, ਤੀਰ ਅੰਦਾਜ਼ੀ ਵਿਚ ਆਪ ਨੂੰ ਖਾਸ ਮੁਹਾਰਤ ਸੀ। ਇਹ ਉਹ ਵੇਲਾ ਸੀ ਜਦ ਕਿ ਸਰਦਾਰ ਮਹਾਂ ਸਿੰਘ ਦੀ ਤਾਕਤ ਦਿਨ ਦੂਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਸੀ ਅਤੇ ਰਣਜੀਤ ਸਿੰਘ ਆਪਣੇ ਸੂਰਬੀਰ ਪਿਤਾ ਦੇ ਨਾਲ ਜੁਧਾਂ ਜੰਗਾਂ ਦੇ ਮੈਦਾਨਾਂ ਵਿਚ ਜਾ ਕੇ ਆਪਣੀ ਆਉਣ ਵਾਲੀ ਜ਼ਿੰਦਗੀ ਲਈ ਤਿਆਰ ਹੋ ਰਿਹਾ ਸੀ। ਪਰ ਹਾਲਾਂ ਰਣਜੀਤ ਸਿੰਘ ਦੀ ਆਯੂ ਦਸਾਂ ਸਾਲਾਂ ਦੀ ਹੋਈ ਸੀ ਕਿ ਕਾਲ ਬਲੀ ਨੇ ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਨੂੰ ਆ ਬੁਲਾਵਾ ਭੇਜਿਆ।

ਪਹਿਲਾ ਯੁਧ ਜਿਸ ਵਿਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਜ਼ਿਆਦਾ ਵਡਿਆਈ ਪ੍ਰਾਪਤ ਕੀਤੀ, ਜਰਨੈਲ ਅਹਿਮਦ ਖਾਨ ਸ਼ਾਹਾਨਚੀ-ਬਾਸ਼ੀ ਨਾਲ ਹੋਇਆ ਸੀ। ਜਦ ਸ਼ਾਹ-ਜ਼ਮਾਨ ਦਾ ਅਸਬਾਬ ਖਾਲਸੇ ਨੇ ਲੁਟ ਕੇ ਉਸ ਨੂੰ ਹਰਾਸ ਕਰ ਦਿੱਤਾ ਤੇ ਸ਼ਾਹਾਨਚੀ ਸਰਦਾਰ ਰਣਜੀਤ ਸਿੰਘ ਦੇ ਕਿਲ੍ਹੇ ਰਾਮ-ਨਗਰ ਨੂੰ ਤੋੜਨ ਲਈ ਆਇਆ ਤਾਂ ਉਸ ਵੇਲੇ ਇਸ ਨੇ ਭੰਗੀ ਤੇ ਅਟਾਰੀ ਵਾਲੇ ਸਰਦਾਰਾਂ ਨੂੰ ਨਾਲ ਲੈ ਕੇ ਸ਼ਾਹਾਨਚੀ ਦੇ ਉਹ ਦੰਦ ਖੱਟੇ ਕੀਤੇ ਕਿ ਉਹ ਮੈਦਾਨੋਂ ਭੱਜ ਨਿਕਲਿਆ। ਰਣਜੀਤ ਸਿੰਘ ਉਸ ਦਾ ਖੁਰਾ ਦਬੀ ਚਲਾ ਗਿਆ ਤੇ ਗੁਜਰਾਤ ਦੇ ਲਾਗੇ ਉਸ ਦੀ ਅਲਖ ਮੁਕਾ ਕੇ ਹੀ ਸਾਹ ਲਿਆ। ਸ਼ਾਹਾਨਚੀ ਦੀ ਮੌਤ ਦੀ ਖ਼ਬਰ ਅਤੇ ਰਣਜੀਤ ਸਿੰਘ ਦੀ ਤਲਵਾਰ ਦੀ ਧਾਂਕ ਸੁਣ ਕੇ

੧੬੧