ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਪਰ ਕਿਉਂਕਿ ਇਹ ਤਕਿਆ ਗਿਆ ਹੈ ਕਿ ਫਿਕਰਿਆਂ ਦੀ ਖਰ੍ਹਵੀ, ਝਟਕੇ ਖਾਂਦੀ ਤੇ ਬੇ-ਡੋਲ ਤਰਤੀਬ ਅਰਥ ਉਜਾਗਰ ਨਹੀਂ ਹੋਣ ਦੇਂਦੀ——ਏਸ ਲਈ ਜ਼ਰੂਰੀ ਬਣਦਾ ਹੈ ਕਿ ਪਾਠਕ ਦਾ ਮਨ ਖਿਚਣ ਲਈ ਇਹਦੇ ਵਿਚ ਸਾਦਗੀ ਦੇ ਨਾਲ ਨਾਲ ਹੋਰ ਅਲੰਕਾਰ ਤੇ ਫਬਵੀਂ ਤਰਤੀਬ ਵੀ ਵਰਤੇ ਜਾਣ। ਫ਼ਿਕਰੇ ਇਸ ਤਰ੍ਹਾਂ ਜੋੜੇ ਜਾਣ ਕਿ ਓਹਨਾਂ ਵਿਚ ਲਚਕ ਤੇ ਵੰਨ ਸੁਵੰਨੀ ਵੰਨਗੀ ਹੋਵੇ, ਇਕ-ਸੁਰਤਾ ਹੋਵੇ, ਤੇ ਤਾਲ ਵੀ। ਪਰ ਇਸ ਚੀਜ਼ ਵਲ ਬੜਾ ਗਹੁ ਕੀਤਾ ਜਾਏ ਕਿ ਇਹ ਇਕ-ਸੁਰਤਾ ਤੇ ਤਾਲ ਦਾ ਛੰਦਾ ਬੰਦੀ ਜਾਂ ਤੁਕਾਂਤ ਨਾਲ ਨਾ ਰਲ ਜਾਣ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਨਾ ਕਵਿਤਾ ਬਣੇਗੀ ਤੇ ਨਾ ਵਾਰਤਕ।

ਤਾਲ ਤੇ ਇਕ-ਸੁਰਤਾ ਚੰਗੀ ਵਾਰਤਕ ਦੀ ਜਿੰਦ ਜਾਨ ਹਨ। ਤਾਲ ਓਹੀ ਚੰਗੀ ਹੈ ਜਿਹੜੀ ਖ਼ਿਆਲ ਦੀ ਉਡਾਰੀ ਤੇ ਵਹਿਣ ਦੇ ਅਨੁਕੂਲ ਹੋਵੇ। ਕਈ ਲਿਖਾਰੀ ਬਨਾਵਟੀ ਤਾਲ (ਇਹ ਕਵਿਤਾ ਦੀ ਤਾਲ ਦੇ ਨੇੜੇ ਹੁੰਦੀ ਹੈ) ਨਾਲ ਵਾਰਤਕ ਵਿਚ ਅਸਰ ਪਾਣ ਦਾ ਜਤਨ ਕਰਦੇ ਹਨ,ਤੇ ਕਦੇ ਕਦਾਈਂ ਕਾਮਯਾਬ ਵੀ ਹੋ ਜਾਂਦੇ ਹਨ। ਪਰ ਆਪਣੀ ਸਿਖਰ ਤੇ ਵਾਰਤਕ ਦੀ ਤਾਲ ਬਨਾਵਟੀ ਨਹੀਂ,

੧੨