ਪੰਨਾ:ਚੂੜੇ ਦੀ ਛਣਕਾਰ.pdf/113

ਇਹ ਸਫ਼ਾ ਪ੍ਰਮਾਣਿਤ ਹੈ

ਪਾਕਿਸਤਾਨ

ਅਜ ਸੋਹਣੇ ਪੰਜਾਬ ਤੇ ਹੋਈ ਆਫਤ ਭਾਰੀ।
ਸਜਨ ਦੁਸ਼ਮਣ ਬਣ ਗਏ ਫੜ ਲਈ ਕਟਾਰੀ।
ਖੇਡੀ ਚਾਲ ਅੰਗ੍ਰੇਜ਼ ਨੇ ਬਣ ਵਾਂਗ ਮਦਾਰੀ।
ਕੋਈ ਕਹਿਰ ਤੂਫਾਨੀ ਉਠਿਆ ਮਚੀ ਹਾਹਾ ਕਾਰੀ।
ਛਪੜ ਲਹੂ ਦੇ ਭਰ ਗਏ ਵਿਚ ਲਗੇ ਤਾਰੀ।
ਕਿਧਰੇ ਮਾਂ ਪਈ ਰੋਂਦੀ ਪੁਤ੍ਰ ਨੂੰ ਕਿਧਰੇ ਨਾਰੀ।
ਕਿਧਰੇ ਚੂੜੇ ਭਜ ਗਏ ਦੰਦ ਦੇ ਅਜੇ ਲਥੀ ਨ ਫੁਲਕਾਰੀ।
ਕੰਬ ਗਿਆ ਧਰਤ ਅਸਮਾਨ ਵੀ ਕੰਬੀ ਦੁਨੀਆਂ ਸਾਰੀ।
ਅਜ ਮਹਿਲੋਂ ਲਥੀਆਂ ਰਾਣੀਆਂ ਕੋਈ ਬਣੀ ਲਾਚਾਰੀ।
ਕਈ ਡੁਬ ਮੋਈਆਂ ਸੋਹਣੀਆਂ ਕੋਈ ਚਲਦੀ ਵੇਖ ਨਾ ਚਾਰੀ।
ਅਸਮਾਨੀ ਧੂੜਾਂ ਉਡੀਆਂ ਛਾ ਗਈ ਗੁਬਾਰੀ।
ਧਰਤੀ ਚੀਕਾਂ ਮਾਰੀਆਂ ਹਾਏ ਡਰ ਦੀ ਮਾਰੀ।
ਰਾਜੇ ਹੋ ਗਏ ਮੰਗਤੇ ਸਭ ਜਾਂਦੀ ਰਹੀ ਸਰਦਾਰੀ।

੧੧੦