ਪੰਨਾ:ਚੁਲ੍ਹੇ ਦੁਆਲੇ.pdf/81

ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀ ਕਰ ਰਹੇ ਸਨ, ਵੱਡਾ ਹੋ ਕੇ ਪੰਨਾ ਉਨ੍ਹਾਂ ਦੀ ਖਿਦਮਤ ਕਰੇ ।ਪਰ ਪੰਨਾ ਇਸ ਪਾਲਣਾ ਦਾ ਬਹੁਤ ਘੱਟ ਕ੍ਰਿਤਗਯ ਸੀ। ਉਸ ਨੂੰ ਕਿਤਾਬਾਂ, ਕਾਗਜ਼, ਪਿਨਸਲ, ਤੇ ਹੋਰ ਲੋੜੀਂਦੀਆਂ ਚੀਜ਼ਾਂ ਆਮ ਤੌਰ ਤੇ ਆਪਣੇ ਜਮਾਤੀਆਂ ਨਾਲੋਂ ਹਫ਼ਤਾ ਯਾ ਦੋ ਹਫ਼ਤੇ ਵੀ ਬਾਦ ਮਿਲਦੀਆਂ ਤੇ ਇਸ ਦੇ ਕਾਰਣ ਉਸ ਨੂੰ ਘਣੀ ਸ਼ਰਮਿੰਦਗੀ ਉਠਾਣੀ ਪੈਂਦੀ, ਤੇ ਕਈ ਵਾਰੀ ਉਸਤਾਦ ਕੋਲੋਂ ਦੋ ਚਾਰ ਚਪੇੜਾਂ ਵੀ ਰਸੀਦ ਹੁੰਦੀਆਂ। ਇਸ ਲਈ ਭਾਵੇਂ ਹਫ਼ਤੇ ਵਿਚ ਦੋ ਤਿੰਨ ਵਾਰੀ ਇਹ ਨਜ਼ਮ ਉਸ ਪਾਸੋਂ ਕਹਾਈ ਜਾਂਦੀ, ਉਸ ਉਤੇ ਇਸ ਦਾ ਕੋਈ ਖਾਸ ਅਸਰ ਹੁੰਦਾ ਨਹੀਂ ਸੀ ਜਾਪਦਾ ।

ਨਜ਼ਮ ਮਸਾਂ ਹੀ ਖ਼ਤਮ ਹੋਈ ਸੀ ਕਿ ਪੌੜੀਆਂ ਵਿਚੋਂ ਲੀਲਾ ਨਿਕਲ ਆਈ। ਲੀਲਾ ਦੀ ਉਮਰ ਕੋਈ ਦਸ ਕੁ ਵਰ੍ਹੇ ਦੀ ਸੀ ਤੇ ਆਪਣੀ ਦੁਬਲੀ ਜਿਹੀ ਖੱਬੀ, ਢਾਕ ਤੇ ਉਸ ਨੇ ਤਿੰਨ ਕੁ ਸਾਲ ਦਾ ਛੋਟਾ ਭਰਾ ਚੁਕਿਆ ਹੋਇਆ ਸੀ। ਜਦ ਉਹ ਹੇਠਾਂ ਰਸੋਈ ਪਾਸੋਂ ਲੰਘੀ ਤਾਂ ਬੱਚੇ ਨੇ ਮਾਂ ਨੂੰ ਦੇਖ ਲਿਆ ਸੀ ਤੇ ਉਹ ਦੀ ਮਾਂ ਪਾਸ ਜਾਣ ਦੀ ਇੱਛਾ ਤੀਬਰ ਹੋ ਗਈ ਸੀ। ਪਰ ਮਾਂ ਰੁਝੇਵੇਂ ਦੇ ਕਾਰਣ ਉਸ ਨੂੰ ਨਾ ਲੈ ਸਕੀ । ਇਸ ਲਈ ਉਹ ਮਾੜਕੀ ਜਿਹੀ ਆਵਾਜ਼ ਵਿਚ ਰੋ ਰਿਹਾ ਸੀ ਸ਼ਾਮ ਲਾਲ ਨੇ ਉਸ ਨੂੰ ਲੈਣ ਲਈ ਹਥ ਵਧਾਏ ਤੇ ਉਹ ਮਾਂ ਤੋਂ ਬਾਦ ਪਿਉ ਦੀ ਗੋਦ ਨੂੰ ਗਨੀਮਤ ਸਮਝ ਕੇ ਉਸ ਦੇ ਪਾਸ ਚਲਾ ਗਿਆ । ਲੀਲਾ ਨੇ ਸੁਖ ਦਾ ਸਾਹ ਭਰਿਆ ਤੇ ਆਪਣੀ ਮੰਜੀ ਤੇ ਸ਼ਾਮ ਦੇ ਅਨ੍ਹੇਰੇ ਵਿਚੋਂ ਜੋ ਆਰਾਮ ਉਸ ਨੂੰ ਮਿਲ ਸਕਦਾ ਸੀ ਲੈਣ ਲਗੀ ।

ਰਸੋਈ ਵਿਚਲਾ ਕਸ਼ਟ ਵੀ ਜਲਦੀ ਦੂਰ ਹੋ ਗਿਆ । ਬੜੀ ਫੁਰਤੀ ਨਾਲ ਮਾਂ ਧੀ ਰੋਟੀ ਉਪਰ ਲੈ ਆਈਆਂ, ਕਣਕ ਦੇ ਫੁਲਕੇ, ਮਾਂਹ ਛੋਲਿਆਂ ਦੀ ਦਾਲ ਤੇ ਪਿਆਜ਼ । ਪਾਣੀ ਦੀ ਘੜੀ ਪਹਿਲਾਂ ਦੀ ਉਪਰ ਲਿਆਂਦੀ ਪਈ ਸੀ। ਇਸ ਟੱਬਰ ਲਈ ਭਾਵੇਂ ਸਾਰੇ ਦਿਨ ਵਿਚ ਇਹ ਹੀ ਇਕ ਸੁਖਿਆਰਾ ਸਮਾਂ ਸੀ-

੮੫