ਪੰਨਾ:ਚੁਲ੍ਹੇ ਦੁਆਲੇ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


'ਵਹੂੰ-ਵਹੂੰ' ਟਾਮੀ ਇਕ-ਦਮ ਬਹੁਤ ਭੌਂਕਣ ਲਗ ਪਿਆ । ਮੁੰਡੇ ਨੇ ਓਹਨੂੰ ਅਗੇ ਨਾਲੋਂ ਵਧ ਦੁਧ ਦੇ ਕੇ ਚੁਪ ਕਰਾਣਾ ਚਾਹਿਆ, ਪਰ ਓਹ ਅਜ ਨ ਮੰਨਿਆ, ਤੇ ਹੋਰ ਉਚਿਆਂ ਭੌਂਕਦਾ ਰਿਹਾ ।


ਦੂਜੇ ਟਾਂਗੇ ਵਿਚ ਲਾਲੀ ਬਹਿ ਗਿਆ, ਬੀਬੀ ਜੀ ਬਹਿ ਗਏ......ਵੱਡਾ ਕਾਕਾ ਬਹਿ ਗਿਆ, ਤੇ ਮੁੰਡੂ ਦਾ ਮਾਲਕ ਬਹਿਣ ਲਗਾ......ਅਚਾਨਕ ਓਹਨੂੰ ਕੁਝ ਯਾਦ ਆ ਗਿਆ, ਓਹਨੇ ਮੁੰਡੂ ਨੂੰ ਬੁਲਾ ਕੇ ਕਿਹਾ, "ਪਹਿਲੋਂ ਸਾਡਾ ਖਿਆਲ ਸੀ, ਟਾਮੀ ਨੂੰ ਵੀ ਨਾਲ ਲੈ ਚਲੀਏ-ਪਰ ਹੁਣ ਇਹ ਸਲਾਹ ਅਸਾਂ ਛਡ ਦਿਤੀ ਏ । ਅਹਿ ਲੈ ਪੰਜ ਰੁਪੈ ਆਪਣੇ ਖਰਚ ਲਈ-ਤੇ ਰੋਟੀ ਨਾਲ ਦੀ ਬੀਬੀ ਕੋਲੋਂ ਖਾ ਲਿਆ ਕਰੀਂ, ਤੇ ਹਲਵਾਈ ਕੋਲੋਂ ਦੋਵੇਂ ਵੇਲੇ ਟਾਮੀ ਲਈ ਦੁਧ ਲੈਕੇ ਇਹਨੂੰ ਪਿਲਾ ਦਿਆ ਕਰੀਂ -ਅਸੀਂ ਹਲਵਾਈ ਤੇ ਨਾਲ ਦੀ ਬੀਬੀ ਨੂੰ ਕਹਿ ਛਾਡਿਆ ਏ ।"


ਤੁਰਦੇ ਟਾਂਗੇ ਵਿਚੋਂ ਬੀਬੀ ਮੁੰਡੂ ਨੂੰ ਕਹਿ ਰਹੀ ਸੀ, "ਬਾਹਰਲੇ ਬੂਹੇ ਦੀ ਚਾਬੀ ਤੇਰੇ ਕੋਲ ਈ ਏ, ਟਾਮੀ ਵਿਚਾਰੇ ਦਾ ਬੜਾ ਖਿਆਲ ਰਖੀਂ, ਕਲਿਆਂ ਕਿਤੇ ਓਦਰਾ ਨਾ ਜਾਏ......"


'ਵਹੂੰ ਵਹੂੰ' ਟਾਮੀ ਭੌਂਕੀ ਜਾ ਰਿਹਾ ਸੀ ।.........ਤਿੰਨ ਵਰ੍ਹੇ ਹੋਏ ਮੁੰਡੂ, ਆਪਣੇ ਪਹਾੜਾਂ ਕੋਲੋਂ ਚੀਲਾਂ ਤੇ ਦਿਓਦਾਰਾਂ ਕੋਲੋਂ, ਬੰਸਰੀਆਂ ਤੇ ਬਕਰੀਆਂ ਕੋਲੋਂ, ਆਪਣੀ ਬੁੱਢੀ ਮਾਂ ਤੇ ਨਿਕੀ ਭੈਣ ਕੋਲੋਂ-ਜਿਹੜੀ ਹੁਣ ਬੋਲਣ ਲਗ ਪਈ ਹੋਵੇਗੀ ਵਿਛੜ ਕੇ ਅੰਮ੍ਰਿਤਸਰ ਦੀਆਂ ਗਲੀਆਂ ਵਿਚ ਨੌਕਰ ਹੋਇਆ ਸੀ । ਹੁਣ ਤੇ ਜਾਗਦਿਆਂ ਉਹ ਓਹਨਾਂ ਪਹਾੜਾਂ ਦੀ ਮੂਰਤ ਵੀ ਆਪਣੇ ਚੇਤੇ ਵਿਚ ਨਹੀਂ ਸੀ ਤਕ ਸਕਦਾ...... 'ਵਹੂੰ ਵਹੂੰ' ਟਾਮੀ ਦੀ ਭੌਂਕ ਹੋਰ ਉਚੀ ਹੋ ਗਈ। ਉਹਦੀ ਬੀਬੀ ਨੇ ਕਿਹਾ ਸੀ, ਵੇਖੀਂ, ਕਿਤੇ ਕਲਿਆਂ ਟਾਮੀ ਓਦਰ ਨਾ ਜਾਏ ।

੧੬੩