ਪੰਨਾ:ਚਾਰੇ ਕੂਟਾਂ.pdf/69

ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬ ਦੀ ਮੁਟਿਆਰ

ਮੈਂ ਮੁਟਿਆਰ ਪੰਜਾਬ ਦੀ, ਫੁੱਲ ਖਿੜਿਆਂ ਦੀ ਮੁਸਕਾਨ।
ਕਿੜੇ ਮੇਰੇ ਦੀਆਂ ਮੀਡੀਆਂ, ਦਰਿਆਵਾਂ ਦੀ ਪਹਿਚਾਨ।
ਧਾਰਾਂ ਸੰਗ ਸਹੇਲੀਆਂ, ਮੇਰਾ ਮੱਖਨ ਜਿਹਾ ਸਰੀਰ।
ਮੇਰੇ ਅਣ-ਛੋਹ ਸੁੱਚੇ ਰੂਪ ਦੇ, ਨੇ ਰਾਖੇ ਜੰਡ ਕਰੀਰ।
ਜੜ ਕੇ ਤਾਰੇ ਰਬ ਨੇ, ਸਿਰ ਚੁੰਨੀ ਦਿਤੀ ਤਾਣ-
ਮੈਂ ਮੁਟਿਆਰ...

ਮੈਥੋਂ ਹਰ ਬਹਾਰੇ ਵਾਰਦੇ, ਝੋਨੇ ਕਣਕਾਂ ਖੇਤ।
ਮੇਰੀ ਅੱਸੂ ਆਸ ਵਧਾਂਵਦਾ, ਮੈਨੂੰ ਚਾਅ ਚੜ੍ਹਾਵੇ ਚੇਤ।
ਮੇਰੇ ਕੱਲਰ ਦਾਤੇ ਲੂਣ ਦੇ, ਮੇਰੇ ਪਰਬਤ ਜਗ ਦੀ ਸ਼ਾਨ-
ਮੈਂ ਮੁਟਿਆਰ...

ਮੈਨੂੰ ਵੇਖ ਕੇ ਪਕਦੇ ਬਾਜਰੇ, ਤੇ ਚਰ੍ਹੀਆਂ ਹੋਣ ਜਵਾਨ।
ਮੇਰੀ ਵੇਖ ਜਵਾਨੀ ਨੱਚਦੀ, ਪਏ ਖਿਧੋ ਹੋਣ ਹੈਰਾਨ।
ਮੇਰੀ ਨਜ਼ਰ ਦੇ ਆ ਕੇ ਸਾਹਮਣੇ, ਟੁਟ ਜਾਂਦੇ ਤੀਰ ਕਮਾਨ-
ਮੈਂ ਮੁਟਿਆਰ...

ਮੇਰੇ ਗੀਤ ਕਲੇਜਾ ਫੋਲਦੇ, ਮੇਰੇ ਵਾਹਣਾਂ ਦੇ ਵਿਚ ਬੋਲ।
ਮੇਰੇ ਬਾਗੀਂ ਕੋਇਲਾਂ ਗਾਉਂਦੀਆਂ, ਮੇਰੇ ਛਿੰਜਾਂ ਦੇ ਵਿਚ ਢੋਲ।
ਮੇਰੀ ਸੁਣ ਕੇ ਘੂਕ ਤ੍ਰਿੰਜਣੋਂ, ਪਏ ਸੋਚੀਂ ਨੇ ਵਿਦਵਾਨ-
ਮੈਂ ਮੁਟਿਆਰ...

ਮੇਰੇ ਕੰਨੀਂ ਗੋਹਲਾਂ ਡੰਡੀਆਂ, ਮੇਰੇ ਨੱਕ ਬਲਾਕੀ ਨੱਥ।
ਮੇਰਾ ਦਾਉਣੀ ਟਿੱਕਾ ਵੇਖ ਕੇ ਚੰਨ ਭੁੰਜੇ ਜਾਂਦਾ ਲੱਥ।
ਮੇਰਾ ਉਡਦਾ ਸਾਲੂ ਵੇਖ ਕੇ, ਭਏ ਝੱਖੜ ਵੀ ਸ਼ਰਮਾਨ-
ਮੈਂ ਮੁਟਿਆਰ...

-੬੦-