ਪੰਨਾ:ਚਾਰੇ ਕੂਟਾਂ.pdf/59

ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਕੀਤੈ

ਤਿਰੀ ਮਹਿਫਲ ’ਚ ਸਾਕੀ, ਆਉਣ ਨੂੰ ਕਈ ਵਾਰ ਦਿਲ ਕੀਤੈ।
ਮੁਕੱਦਰ ਆਪਣਾ ਅਜ਼ਮਾਉਣ ਨੂੰ, ਕਈ ਵਾਰ ਦਿਲ ਕੀਤੈ।
ਤਿਰੀ ਸ਼ੋਹਰਤ ਬੜੀ ਮੈਂ ਸੁਣੀ ਏਂ, ਦੀਵਾਨਿਆਂ ਕੋਲੋਂ,
ਤੇ ਜਲਵਾ ਤਾਹੀਂ ਤੇਰਾ ਪਾਉਣ ਨੂੰ, ਕਈ ਵਾਰ ਦਿਲ ਕੀਤੈ।
ਕੋਈ ਕਹਿੰਦਾ ਹੈ ਇਹ ਕਲੀਆਂ ਤਿਰੇ ਹਨ ਮੂੰਹ ਚੋਂ ਕਿਰੀਆਂ,
ਜਿਨ੍ਹਾਂ ਤੇ ਭੌਰ ਬਣ ਕੇ ਭੌਣ ਨੂੰ ਕਈ ਵਾਰ ਦਿਲ ਕੀਤੈ।
ਜਗਾਈਆਂ ਜੋ ਕਲਾ ਤੇ ਸੁਤੀਆਂ ਖਾਬਾਂ ’ਚ ਆ ਆ ਕੇ,
ਤਿਰੇ ਉਹ ਗੀਤ ਗਾ ਕੇ ਸੌਣ ਨੂੰ, ਕਈ ਵਾਰ ਦਿਲ ਕੀਤੈ।
ਉਹ ਕਿਹੜੇ ਲੋਕ ਨੇ ਤੂੰ ਬਾਂਹ ਜਿਨ੍ਹਾਂ ਦੀ ਆਪ ਫੜ ਲਈ ਏ,
ਦਿਲ ਦੀ ਵੇਦਨਾ ਸਮਝਾਉਣ ਨੂੰ, ਕਈ ਵਾਰ ਦਿਲ ਕੀਤੈ।
ਦਿਲ ਦੀ ਅੱਗ ਹੈ ਜਿਹੜੀ ਬੁਝਾਇਆਂ ਹੋਰ ਮਚਦੀ ਏ
ਤੇ ਤਾਂ ਹੀ ਏਸ ਪੱਤਣ ਨ੍ਹਾਉਣ ਨੂੰ, ਕਈ ਵਾਰ ਦਿਲ ਕੀਤੈ।
ਜਿਨ੍ਹੇ ਵੀ ਜਾਮ ਤੈਥੋਂ ਪੀ ਲਿਆ ਮਰਦਾ ਵੀ ਜੀ ਉਠਿਆ,
'ਅਮਰ' ਇਹ ਜਾਮ ਬੁਲ੍ਹੀਂ ਲਾਉਣ ਨੂੰ, ਕਈ ਵਾਰ ਦਿਲ ਕੀਤੈ।

- ੫੦ -