ਪੰਨਾ:ਚਾਰੇ ਕੂਟਾਂ.pdf/54

ਇਹ ਸਫ਼ਾ ਪ੍ਰਮਾਣਿਤ ਹੈ

ਮਾਏ ਨੀ ਮੇਰੀਆਂ ਵਾਲੀਆਂ

ਮਾਏ ਨੀ ਮੇਰੀਆਂ ਵਾਲੀਆਂ,
ਡਬੀ ਅੰਦਰ ਪਈਆਂ ਪਈਆਂ,
ਹੋ ਚਲੀਆਂ ਨੇ ਕਾਲੀਆਂ।
ਮਾਏ ਨੀ ਮੇਰੀਆਂ ਵਾਲੀਆਂ,
ਕਦੇ ਨਾ ਡਬੀ ਵਿਚੋਂ ਕਢੀਆਂ,
ਕਦੇ ਨਾ ਕੰਨੀਂ ਪਾਈਆਂ।
ਕਦੇ ਨਾ ਢੋਲਣ ਆ ਕੇ ਤਕੀਆਂ,
ਕਦੇ ਨਾ ਮੈਂ ਲਿਸ਼ਕਾਈਆਂ।
ਕਦੇ ਨਾ ਮਾਲੀ ਹੱਥ ਵਧਾਇਆ,
ਕਦੇ ਨਾ ਝੁਕੀਆਂ ਡਾਲੀਆਂ-
ਮਾਏ ਨੀ ਮੇਰੀ ਵਾਲੀਆਂ।
ਛੋਟੀ ਉਮਰ ਵਿਆਹ ਕੇ ਮੈਨੂੰ,
ਮਾਏ ਨੀ ਪਾਪ ਕਮਾਇਆ।
ਹੋਈ ਸਿਆਣੀ ਔਸੀਆਂ ਪਾਈਆਂ,
ਰਾਹ ਨਾ ਨਜ਼ਰੀਂ ਆਇਆ।
ਮੇਰਾ ਘਰ ਨਾ ਚਾਨਣ ਆਇਆ।
ਆਈਆਂ ਕਈ ਦੀਵਾਲੀਆਂ-
ਮਾਏ ਨੀ ਮੇਰੀਆਂ ਵਾਲੀਆਂ।
ਢੋਲਣ ਨੂੰ ਪਰਦੇਸ ਪਿਆਰਾ,
ਕਿੱਦਾਂ ਮੈਂ ਮੁਸਕਾਵਾਂ?
ਲੋਕ ਲਾਜ ਤੋਂ ਡਰਦੀ ਮਾਰੀ,
ਧੋਤੇ ਵੀ ਨਾ ਪਾਵਾਂ।

- ੪੫ -