ਪੰਨਾ:ਚਾਰੇ ਕੂਟਾਂ.pdf/50

ਇਹ ਸਫ਼ਾ ਪ੍ਰਮਾਣਿਤ ਹੈ

ਕਿਸ ਦਾ ਹੱਕ ?

ਲੋਹੜੇ ਦੀ ਮੁਟਿਆਰ ਇਕ ਤਸਵੀਰ ਨੂਰਾਨੀ,
ਜਾਪੇ ਕਲੀ ਅਨਾਰ ਦੀ ਦੰਦ ਹਾਰ ਚੰਬੇਲੀ।
ਉਹਦਾ ਜੁੱਸਾ ਕੂਲਾ ਮਖਮਲੋਂ ਤੇ ਚੜ੍ਹੀ ਜਵਾਨੀ,
ਆਸ਼ਕ ਹੁੰਦੇ ਰਿਸ਼ੀ ਵੀ ਛਡ ਟੋਪੀ ਸੇਲ੍ਹੀ।
ਉਹਦੇ ਬੁਲ੍ਹੀਂ ਮਿਠਤ ਸ਼ਹਿਤ ਦੀ ਵਾਲਾਂ ਵਿਚ ਲੱਛੇ,
ਡਿਗਦੇ ਗੱਭਰੂ ਹੱਸ ਕੇ ਠੋਡੀ ਦੇ ਖੂਹ ਵਿਚ।
ਬੋਲ ਫੁਲਾਂ ਜਿਹੇ ਸੁਣ ਕੇ ਮੋਏ ਵੀ ਹੱਛੇ,
ਸੀਸ ਤਲੀ ਤੇ ਰਖ ਕੇ ਕਈ ਫਿਰਦੇ ਜੂਹ ਵਿਚ।
ਲਗੇ ਉਸ ਦੇ ਹੁਸਨ ਨੂੰ ਪਰ ਇਸ਼ਕ ਦੇ ਰੱਤੇ,
ਕੁਦਰਤ ਰਾਣੀ ਓਸ ਨੂੰ, ਘੜਿਆ ਚਿਤ ਲਾ ਕੇ।
ਚਾਲ ਸ਼ਰਾਬੀ ਬਣੀ ਸੀ ਮੁਸਕੜੀਆਂ ਭੱਤੇ,
ਹਰਨੋਟੇ ਨੈਣਾਂ ਨਰਗਸੀ ਫੁਲ ਰਖੇ ਫਾਹ ਕੇ।
ਤੀਊੜੀ ਕਿਆਮਤ ਜਾਪਦੀ ਅੱਥਰੂ ਵਿਧ ਮਾਤਾ,
ਮੱਥਾ ਡਲ੍ਹਕਾਂ ਮਾਰਦਾ ਚੁੰਨੀ ਨਾਲ ਖੇਲ੍ਹੇ।
ਸੀਨੇ ਧੜਕਣ ਉਭਰੀ ਲਾ ਦਏ ਮੁਆਤਾ,
ਬਣਦੇ ਲੈਲੀ ਮਗਰ ਸਨ ਕਈ ਮਜਨੂ ਲੇਲੇ।
ਉਹਨੇ ਹੋਕਾ ਦਿਤਾ ਡਿਗ ਰਹੀ ਝਲਾਰ ਦੇ ਉਤੋਂ,
ਆਵੇ ਮੇਰੇ ਰੂਪ ਦਾ ਕੋਈ ਹਕ ਚੁਕਾਵੇ।
ਮੈਂ ਸਦਕੇ ਹੋਸਾਂ ਜਾਨਬਾਜ਼ ਦਿਲਦਾਰ ਦੇ ਉਤੋਂ,
ਕਿਉਂ ? ਮਰਦੇ ਪਏ ਜਵਾਨ ਨੇ ਸਿਕਾਂ ਦੇ ਹਾਵੇ।
ਲੋੜ ਨਹੀਂ ਸੌਦੇ ਦਿਲਾਂ ਦੇ ਨਾ ਐਸ਼ ਬਹਾਨੇ।
ਲੋੜ ਨਹੀਂ ਭੌਰੇ ਕੰਵਲ ਦਾ ਰਸ ਚੂਸਨ ਵਾਲੇ।

- ੪੧ -