ਪੰਨਾ:ਚਾਰੇ ਕੂਟਾਂ.pdf/15

ਇਹ ਸਫ਼ਾ ਪ੍ਰਮਾਣਿਤ ਹੈ

‘ਅਮਰ-ਮੇਲ’

ਅਜ ਤੋਂ ਛੇ ਕੁ ਸਾਲ ਪਹਿਲਾਂ ਹਾਲ ਦਰਵਾਜ਼ੇ ਤੋਂ ਬਾਹਰ ‘ਜ਼ਾਹਰਾ ਪੀਰ’ ਦੀ ਕਬਰ ਲਾਗੇ ਇਕ ਟੁੱਟੀ ਜਿਹੀ ਦੁਕਾਨ ਵਿਚ ਸੰਤ ਸਿੰਘ ‘ਅਮਰ’ ਨਾਲ ਮੇਰਾ ਮੇਲ ਹੋਇਆ । ਉਸ ਵੇਲੇ ਉਹ ਈਜ਼ਲ ਤੇ ਫਰੇਮ ਟਿਕਾ ਕੇ ਇਕ ਹਾਤੋ ਦੀ ਤਸਵੀਰ ਬਣਾ ਰਿਹਾ ਸੀ, ਜਿਹੜਾ ਕਿ ਆਪਣੇ ਵਿਤ ਨਾਲੋਂ ਵਾਧੂ ਭਾਰ ਚੁਕ ਕੇ ਇਕ ਉੱਚੀ ਪਹਾੜੀ ਉਪਰ ਚੜ੍ਹ ਰਿਹਾ ਸੀ। ਮੈਂ ਪਹਿਲੀ ਮੁਲਾਕਾਤ ਵਿਚ ਹੀ ਇਹ ਜਾਚ ਲਿਆ ਸੀ ਕਿ ਇਹ ਗਰੀਬਾਂ ਦਾ ਹਮਦਰਦ ਤੇ ਤਰੱਕੀ ਪਸੰਦ ਕਲਾਕਾਰ ਹੈ। ਇਕ ਹਾਣ ਤੇ ਸਾਂਝੇ ਖਿਆਲਾਂ ਕਰਕੇ ਸਾਡੇ ਦੋਵਾਂ ਵਿਚ ਮਿਤਰਤਾ ਦੀ ਸਾਂਝ ਵਧਦੀ ਹੀ ਗਈ। ਹੁਣ ਵੀ ਅਸੀਂ ਜ਼ਿੰਦਗੀ ਦੇ ਹਰ ਪਹਿਲੂ ਅਤੇ ਆਪਣੀਆਂ ਲਿਖਤਾਂ ਉਤੇ ਬਹੁਤ ਬਹੁਤ ਚਿਰ ਟੀਕਾ ਟਿਪਨੀ ਕਰਕੇ ਆਪਣੇ ਵਿਚੋਂ ਕੱਚ ਪੱਕ ਲਭਦੇ ਰਹਿੰਦੇ ਹਾਂ।

ਪੂਰਬ ਵਲੋਂ ਪਰਭਾਤ ਦੀ ਲਾਲੀ ਉਠ ਕੇ ਜਿਵੇਂ ਉਤਰ ਦੱਖਣ ਤੇ ਪੱਛਮ ਵਿੱਚ ਚਾਨਣ ਦਾ ਪਰਕਾਸ਼ ਕਰਦੀ ਹੈ, ਇਸੇ ਤਰ੍ਹਾਂ ਸੰਤ ਸਿੰਘ ‘ਅਮਰ’ ਵੀ ਆਪਣੇ ਸਮਾਜਵਾਦੀ ਖਿਆਲਾਂ ਨੂੰ ਸੰਸਾਰ ਦੀਆਂ ਚਾਰੇ ਕੂਟਾਂ ਵਿਚ ਫੈਲਾਣਾ ਚਾਹੁੰਦਾ ਹੈ । ਜਿਸ ਨਾਲ ਦੁੱਖ ਭੁੱਖ, ਲੁੱਟ ਖਸੁਟ ਤੇ ਵਹਿਸ਼ੀ ਪੁਣੇ ਦੇ ਖਿਆਲਾਂ ਨੂੰ ਖਤਮ ਕਰ ਕੇ ਅਮਨ ਤੇ ਖੁਸ਼ਹਾਲ ਜ਼ਿੰਦਗੀ ਸਥਾਪਤ ਕੀਤੀ ਜਾ ਸਕੇ-ਇਸੇ ਕਰਕੇ ਉਸਨੇ ਆਪਣੀ ਪੁਸਤਕ ਦਾ ਨਾਂ "ਚਾਰੇ ਕੂਟਾਂ" ਰਖਿਆ ਹੈ।

ਸੰਤ ਸਿੰਘ ‘ਅਮਰ’ ਨੂੰ ਮੈਂ ਬਹੁਤ ਲਾਗੇ ਹੋ ਕੇ ਵੇਖਿਆ ਹੈ ਤੇ ਇਸ ਲਈ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਸ ਵਿਚ ਉਹ ਸਾਰੀਆਂ ਖੂਬੀਆਂ ਮੌਜੂਦ ਨੇ ਜੋ ਇਕ ਸੁਚੱਜੇ ਕਲਾਕਾਰ ਵਿਚ ਹੋਣੀਆਂ

-ੳ ੮-