ਪੰਨਾ:ਚਾਰੇ ਕੂਟਾਂ.pdf/128

ਇਹ ਸਫ਼ਾ ਪ੍ਰਮਾਣਿਤ ਹੈ

ਤੇਰੀ ਲਹਿਰ ਹੈ ਅਜ ਬਲਵਾਨ ਹੋ ਗਈ,
ਇਹਦੇ ਬਾਨੀਆ ਜੱਗ ਤੇ ਧੁੰਮਿਆ ਤੂੰ।

ਤੇਰੇ ਦੇਸ਼ ਨੂੰ ਅਜੇ ਨਹੀਂ ਹੋਸ਼ ਆਈ,
ਪਸ਼ੇਮਾਨੀਆਂ ਅੱਖੀਆਂ ਮਲਦੀਆਂ ਨੇ।
ਸੁਕਣਾ ਬੁਲ੍ਹਾਂ ਦਾ ਦਿਲਾਂ ਦੀ ਸੜਨ ਦੱਸੇ,
ਅੱਗਾਂ ਅਜੇ ਸਤਲੁਜ ਅੰਦਰ ਬਲਦੀਆਂ ਨੇ।

ਅਜੇ ਤੇਰੇ ਖੁਆਬ ਨਹੀਂ ਹੋਏ ਪੂਰੇ,
ਅਜੇ ਚੜ੍ਹੀ ਨਾ ਸਿਰੇ ਤਾਮੀਰ ਤੇਰੀ।
ਅਜੇ ਰਾਜਿਆਂ, ਬਿਸਵੇਦਾਰੀਆਂ ਦੇ,
ਨਾਲ ਖਿੰਗਰਾਂ ਭਰੀ ਜਾਗੀਰ ਤੇਰੀ।
ਸਾਨੂੰ ਦੁੱਖ ਹੈ ਅਜੇ ਨਹੀਂ ਧੋ ਸੱਕੇ,
ਲਹੂ ਲਿਬੜੀ ਹੋਈ ਤਸਵੀਰ ਤੇਰੀ।
ਅਸੀਂ ਆਪਣੇ ਰਾਹ ਤੋਂ ਜਦੋਂ ਖੰਝੇ,
ਰਸਤਾ ਦਸਦੀ ਰਹੀ ਲਕੀਰ ਤੇਰੀ।

ਤੇਰੀਆਂ ਕਰਨੀਆਂ ਦਾ ਸੂਰਜ ਸਦਾ ਚਮਕੂ,
ਨਾ ਹੀ ਯਾਦ-ਜਵਾਨੀਆਂ ਢਲਦੀਆਂ ਨੇ।
ਲੱਸ ਲਾਲੀ ਦੀ ਦੱਸੇ ਅਕਾਸ਼ ਉੱਤੇ,
ਅੱਗਾਂ ਅਜੇ ਸਤਲੁਜ ਅੰਦਰ ਬਲਦੀਆਂ ਨੇ।

ਤੇਰੀ ਆਤਮਾਂ ਨੂੰ ਸ਼ਾਂਤ ਕਰਨ ਦੇ ਲਈ,
ਪੂਰੇ ਕਰਾਂਗੇ ਤੇਰੇ ਖੁਆਬ ਰਲ ਕੇ।
ਤੇਰੇ ਦੁਸ਼ਮਣਾਂ ਦੇਸ਼ ਦੇ ਵੈਰੀਆਂ ਤੋਂ,
ਗਿਣ ਗਿਣ ਲਵਾਂਗੇ ਪੂਰੇ ਹਿਸਾਬ ਰਲ ਕੇ।

-੧੧੯-