ਪੰਨਾ:ਚਾਰੇ ਕੂਟਾਂ.pdf/104

ਇਹ ਸਫ਼ਾ ਪ੍ਰਮਾਣਿਤ ਹੈ

ਕੀ ਉਸਦੀ ਕੋਈ ਹਾਲ ਦੁਹਾਈ, ਬੱਦਲ ਬਣਕੇ ਛਾ ਨਾ ਸਕੀ?
ਕੀ ਉਹਦੇ ਹੰਝੂਆਂ ਦੀ ਵਾਛੜ, ਲਾਲਚ ਅੱਗ ਬੁਝਾ ਨਾ ਸੱਕੀ?

ਕੀ ਉਹਦੇ ਚਾਵਾਂ ਦੇ ਹਾਸੇ, ਤਕੜੀ ਧਰ ਕੇ ਤੁਲ ਗਏ ਹੋਸ
ਕੀ ਉਹਦੇ ਅਰਮਾਨ ਕੁਆਰੇ, ਅਥਰੂ ਬਣ ਬਣ ਡੁੱਲ੍ਹ ਗਏ ਹੋਸਨ?

ਕੀ ਉਹਦੀ ਭਰਪੂਰ ਜਵਾਨੀ, ਵਿਚ ਚੋਂਕ ਲੁਟੀ ਗਈ ਹੋਊ?
ਕੀ ਕਾਦਰ ਦੀ ਉਹ ਗੁਲਕਾਰੀ, ਸਾਲੂ ਵਿਚ ਘੁੱਟੀ ਗਈ ਹੋਊ?

ਰੋਂਦੀ ਖਪਦੀ ਸਚ ਮੁਚ ਕਿਸਨੇ, ਲੜ ਲਾਲਚ ਦੇ ਲਾ ਦਿੱਤੀ ਓਹ!
ਅੱਧ ਪਚੱਧੇ ਖੰਭ ਸਾੜ ਕੇ, ਕਿਸਨੇ ਸ਼ਮਾ ਬੁਝਾ ਦਿਤੀ ਓਹ?

... ... ... ... ...


ਜਾਂ ਆਵਣ ਉਹ ਚੇਤੇ ਗੱਲਾਂ, ਦਿਲ ਮੇਰੇ ਨੂੰ ਲੂੰਹਦੀਆਂ ਜਾਵਣ।
ਯਾਦਾਂ ਦੇ ਲਗੇ ਹੋਏ ਲੰਬੂ, ਰੋ ਰੋ ਕੇ ਅਜ ਨੈਣ ਬੁਝਾਵਣ।

ਅਜ ਟਾਹਲੀ ਹੇਠ ਧੁਖਦੇ ਧੂੰਏਂ, ਜਿਥੇ ਸੀ ਕਦੇ ਸੰਘਣੀਆਂ ਛਾਵਾਂ।
ਟਾਹਲੀ ਸੜ ਗਈ ਬਿਰਹੋਂ ਦੇ ਵਿਚ, ਸਿਰ ਤੇ ਝਲਝਲ ਤਤੀਆਂ ਵ੍ਹਾਵਾਂ।

... ... ... ... ...


ਹੁਣ ਜੀ ਚਾਹਵੇ ਛਡ ਕੇ ਸਭ ਕੁਝ, ਜਾ ਬੈਠਾਂ ਮੈਂ ਓਸ ਟਿਕਾਣੇ।
ਮੈਂ ਨਾ ਜਿਥੇ ਕਿਸੇ ਨੂੰ ਜਾਣਾ, ਨਾ ਜਿਥੇ ਕੋਈ ਮੈਨੂੰ ਜਾਣੇ।

ਮਸਤਾਨੇ ਨੂੰ ਹਰ ਕੋਈ ਪੁੱਛੇ, ਉਹ ਮਸਤਾਨੇ ਕਮਲੀ ਵਾਲੇ।
ਕਿਸ ਦਾ ਏਂ ਤੂੰ ਮੁੰਨਿਆ ਚੇਲਾ, ਨੈਣ ਤੇਰੇ ਜਾਪਣ ਨਸ਼ਿਆਲੇ।

ਕੰਨਾਂ ਦੇ ਵਿਚ ਤੇਰੀਆਂ ਮੁੰਦਰਾਂ, ਮੁੜ ਵੇਲਾ ਕੋਈ ਯਾਦ ਕਰਾਵਣ।
ਘੁਪ ਹਨੇਰੀ ਰਾਤੇ ਅੜਿਆ, ਸ਼ੀਹ ਭੁਖੇ ਪਏ ਬੋਲ ਡਰਾਵਣ।

-੯੫-