ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੁਰੇ ਜਾਓ

ਅੱਧੀ ਰਾਤੀਂ ਮੈਂ ਇੱਕ ਡਿੱਠਾ,
             ਅੰਬਰ ਤਾਰਾ ਟੁਟਿਆ।
ਚੀਨੀ ਚੀਨੀ ਹੋ ਕੇ ਖਿੰਡਿਆ,
              ਕਿਸੇ ਹਿਠਾਹਾਂ ਸੁਟਿਆ।
ਆਖਣ-ਤੁਰਨੋਂ ਸੀ ਇਹ ਰੁਕਿਆ,
              ਤਾਂ ਸਾਈਂ ਭੰਨ ਦਿੱਤਾ,
ਹੋਊ ਮਨਜ਼ੂਰ ਜੋ ਟੁਰਿਆ ਜਾਸੀ,
               ਡਿਗਸੀ ਜੋ ਰਾਹ ਲੁਟਿਆ

ਕਲਮ

ਇਕ ਦਿਨ ਕਲਮ ਤਾਈਂ ਮੈਂ ਕਿਹਾ,
                 ਹੇ ਵਡਭਾਗੀ ਕਾਨੀ।
ਹੁਕਮ ਤੇਰਾ ਕੁਲ ਆਲਮ ਕਿਉਂ ਏ?
                ਖ਼ਲਕਤ ਭਰਦੀ ਪਾਨੀ?
ਤਨ ਸੁੱਕਾ ਚਾਕੂ ਫਿਰ ਛਿਲੀ,
               ਸੀਨੇ ਚੀਰ ਪੁਆਇਆ,
ਮੂੰਹ ਕਾਲਾ ਕਰ ਉਲਟੀ ਤੁਰ ਤੂਰ,
              ਪਾਇਆ ਮਾਣ ਨਿਮਾਨੀ।

-10-