ਪੰਨਾ:ਗ੍ਰਹਿਸਤ ਦੀ ਬੇੜੀ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜੀ ਤੇ ਪੰਜਵੀਂ ਭਾਂਤ ਦੀਆਂ ਤੀਵੀਆਂ ਤਾਂ ਹਿਰਦੇ ਨਾਲ ਲਾ ਕੇ ਰੱਖਣ ਦੇ ਯੋਗ ਹਨ, ਪਰ ਬਾਕੀ ਦੇ ਤਿੰਨ ਪ੍ਰਕਾਰ ਦੀਆਂ ਵਹੁਟੀਆਂ ਨੂੰ ਇਕ ਛਿਨ ਵੀ ਆਪਣੇ ਪਾਸ ਨਹੀਂ ਰੱਖਣਾ ਚਾਹੀਦਾ।

ਨਵੇਂ ਜੋੜੇ ਦੀਆਂ ਖੁਸ਼ੀਆਂ ਵੱਡੀਆਂ ਮਨ ਭਾਉਣੀਆਂ ਹੁੰਦੀਆਂ ਹਨ, ਮਨੁੱਖੀ ਮੁਹੱਬਤ ਵਿਚ ਵੈਸੀ ਹੀ ਮਨ ਮੋਹਣਤਾ ਤੇ ਅਸਰ ਹੋਯਾ ਕਰਦਾ ਹੈ, ਜੈਸਾ ਕਿ ਓਹਨਾਂ ਪੰਛੀਆਂ ਵਿਚ ਦੇਖਿਆ ਜਾਂਦਾ ਹੈ ਜੋ ਬਸੰਤ ਰੁਤ ਵਿੱਚ ਸੋਹਣੇ ਸੋਹਣੇ ਖੰਭਾਂ ਦੇ ਸਜਾਵਟਦਾਰ ਪੁਸ਼ਾਕੇ ਸਜਾ ਕੇ ਬੜੇ ਪਰੇਮ ਨਾਲ ਮਿੱਠੀਆ ਮਿੱਠੀਆ ਰਾਗਨੀਆਂ ਗਾਉਂਦੇ ਤੇ ਆਪਣੇ ਰਹਿਣ ਬਹਿਣ ਵਾਸਤੇ ਆਲਣੇ ਤਿਆਰ ਕਰਦੇ ਹਨ । ਇਕ ਨਵੀਂ ਵਹੁਟੀ ਨੇ ਆਪਣੇ ਅਨੰਦ ਭਰੇ ਜਜ਼ਬਾਤ ਨੂੰ ਲੁਕਾਉਣ ਦਾ ਯਤਨ ਕਰਦੇ ਹੋਏ ਕਿਹਾ ਕਿ "ਦੁਨੀਆਂ ਦੀ ਜ਼ਿੰਦਗੀ ਵੀ ਕਿਹੀ ਨਿਆਮਤ ਹੈ ।"

ਵਿਆਹ ਦੇ ਬਾਅਦ ਵਹੁਟੀ ਗੱਭਰੂ ਨੂੰ ਨਾ ਤਾਂ ਹੋਟਲਾਂ ਚ ਰਹਿਣਾ ਚਾਹੀਦਾ ਹੈ ਤੇ ਨਾ ਹੀ ਆਪਣੇ ਮਾਪਿਆਂ ਦੇ ਨਾਲ ਇੱਕੋ ਘਰ ਵਿੱਚ ।

ਜੇ ਤੁਹਾਡਾ ਕੋਈ ਆਪਣਾ ਵੱਖਰਾ ਘਰ ਹੋਵੇ ਤਾਂ ਓਹ ਤੁਹਾਡੇ ਵਾਸਤੇ ਬੜਾ ਹੀ ਪ੍ਰਸੰਨਤਾ ਦਾਇਕ ਹੋਵੇਗਾ, ਮਾਮੂਲੀ ਛੋਟਾ ਜਿਹਾ ਘਰ ਹੀ ਸਹੀ, ਪਰ ਤੁਹਾਡਾ ਆਪਣਾ ਹੋਣਾ ਚਾਹੀਦਾ ਹੈ | ਜ਼ਿੰਦਗੀ ਦੀਆਂ ਸਭ ਤੋਂ ਚੰਗੀਆਂ ਤੇ ਚੋਣਵੀਆਂ ਖੁਸ਼ੀਆਂ ਆਦਮੀ ਨੂੰ ਆਪਣੇ ਹੀ ਘਰ ਵਿਚ ਨਸੀਬ ਹੋ ਸਕਦੀਆਂ ਹਨ,ਜਿਸ ਨੂੰ ਆਪਣੇ ਘਰ ਦੀ ਕਦਰ ਨਹੀਂ ਓਸ ਨੂੰ ਪਤਾ ਨਹੀਂ ਕਿ ਖੁਸ਼ੀ ਕਿਸ ਪੰਛੀ ਦਾ ਨਾਮ ਹੈ ।

-੭੩-