ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੜਕਣਾਂ ਵਿਚ ਚੋਰ ਵਾਂਗੂੰ, ਤੂੰ ਕਦੇ ਆਇਆ ਨਾ ਕਰ।
ਇਸ ਤਰ੍ਹਾਂ ਕੁਝ ਆਖ ਕੇ ਤੂੰ ਹੌਸਲਾ ਢਾਇਆ ਨਾ ਕਰ।

ਅੱਖ ਤੋਂ ਅੱਖ ਤੀਕ ਤੁਰਦਾ ਨੂਰ ਸਿੱਧੀ ਸੇਧ ਵਿੱਚ,
ਤੂੰ ਮੁਹੱਬਤ ਨੂੰ ਕਦੇ ਵੀ, ਰਾਹ 'ਚ ਉਲਝਾਇਆ ਨਾ ਕਰ।

ਮੈਂ ਤੇਰੇ ਸ਼ਬਦਾਂ ਤੋਂ ਅੱਗੇ, ਬਹੁਤ ਅੱਗੇ ਤੁਰ ਗਿਆਂ,
ਯਾਦ ਆਖੇ ਲੱਗ ਕੇ, ਤੂੰ ਮਗਰ ਵੀ ਆਇਆ ਨਾ ਕਰ।

ਮੈਂ ਕਿਸੇ ਵੀ ਬਿਰਖ਼ ਨੂੰ, ਤਪਦੇ ਥਲਾਂ ਵਿਚ ਕੀਹ ਕਰਾਂ,
ਮਿਹਰ ਕਰ ਤੂੰ, ਦਿਲਜਲੇ ਨੂੰ, ਇਸ ਤਰ੍ਹਾਂ ਤਾਇਆ ਨਾ ਕਰ।

ਖਿੜਦੀਆਂ ਸਰੋਂਆਂ ਜਦੋਂ, ਕਣਕਾਂ 'ਚ ਤਿੱਤਰ ਬੋਲਦੇ,
ਓਸ ਰੁੱਤੇ ਯਾਦ ਆ ਕੇ, ਪਰਖ਼ ਵਿਚ ਪਾਇਆ ਨਾ ਕਰ।

ਮੈਂ ਤੇਰੀ ਛਾਵੇਂ ਗੁਜ਼ਾਰਾਂ ਜ਼ਿੰਦਗੀ ਤੇ ਚੁੱਪ ਰਹਾਂ,
ਪਰਤ ਜਾਹ ਇਹ ਛਤਰ ਲੈ ਕੇ, ਸਿਰ ਮਿਰੇ ਸਾਇਆ ਨਾ ਕਰ।

ਨਿੱਕੀਆਂ ਗਰਜ਼ਾਂ ਦੀ ਖਾਤਰ, ਮੈਂ ਨਾ ਜਿੰਦੇ ਉਲਝਣਾ,
ਤੂੰ ਮੇਰੀ ਸ਼ਕਤੀ ਨੂੰ ਐਵੇਂ ਖਾਹ-ਮ-ਖਾਹ ਜ਼ਾਇਆ ਨਾ ਕਰ।

*

ਗੁਲਨਾਰ- 97