ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/85

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਕਲ ਦਾ ਅਸਲ ਟਿਕਾਣਾ ਹੁੰਦੈ, ਚੁੱਪ ਦੀ ਚਾਰ ਦੀਵਾਰੀ ਅੰਦਰ।
ਘੁੰਮ ਘੁੰਮਾ ਕੇ ਵੇਖ ਲਿਆ ਮੈਂ, ਭਟਕਣ ਤੇਜ਼ ਤਰਾਰੀ ਅੰਦਰ।

ਥਿੜਕੇ ਪੈਰ, ਸੰਭਾਲ ਲਵੋਗੇ, ਪਰ ਨਾ ਭੁੱਲਿਓ ਅਸਲੀ ਮੰਤਰ,
ਥਿੜਕੀ ਜੀਭ ਤਬਾਹ ਕਰ ਦੇਵੇ, ਹਸਤੀ ਦੁਨੀਆਂ ਸਾਰੀ ਅੰਦਰ।

ਇਸ ਜ਼ਿੰਦਗੀ ਦਾ ਸੁਹਜ-ਸਲੀਕਾ, ਕੁੱਖ ਤੋਂ ਸਿਵਿਆਂ ਤੀਕ ਨਿਭੇਗਾ,
ਕਿਉਂ ਪਾਲਾਂ ਮੈਂ ਨਾਗ ਦੇ ਬੱਚੇ, ਮਨ ਦੀ ਸੋਚ ਪਟਾਰੀ ਅੰਦਰ।

ਉਹ ਖੁਸ਼ਬੋਈਆਂ ਕਿੱਥੇ ਮੋਈਆਂ, ਲੱਭਦਾ ਲੱਭਦਾ ਮੁੱਕ ਚੱਲਿਆ ਹਾਂ,
ਫੁੱਲਾਂ ਵੇਲੇ ਜੋ ਹੁੰਦੀਆਂ ਸੀ, ਫੁੱਲਾਂ ਭਰੀ ਕਿਆਰੀ ਅੰਦਰ।

ਮਨ ਦਾ ਪੰਛੀ ਉੱਡਣਾ ਚਾਹੁੰਦਾ, ਅੰਬਰੋਂ ਪਾਰ ਦੋਮੇਲ ਤੋਂ ਅੱਗੇ,
ਮਰ ਚੱਲੇ ਆਂ ਕੈਦੀ ਬਣ ਕੇ, ਕੈਸੀ ਦੁਨੀਆਂਦਾਰੀ ਅੰਦਰ।

ਤੋੜ ਕਿਉਂ ਜੰਜ਼ੀਰਾਂ ਪੈਰੋਂ, ਸੰਗਲ ਬੱਧੇ, ਨੱਕ ਨਕੇਲਾਂ,
ਅਗਨ ਲਗਨ ਦੀ ਸਾਂਝੀ ਸ਼ਕਤੀ, ਭਰ ਕੇ ਸੁੱਟ ਕਰਾਰੀ ਅੰਦਰ।

ਵਕਤ ਹਿਸਾਬ ਲਵੇਗਾ ਇੱਕ ਦਿਨ, ਤਾਜ ਤਖ਼ਤ ਦੇ ਸਾਈਆਂ ਕੋਲੋਂ,
ਕਿੱਥੇ ਕਿੰਨੇ ਲੋਕ ਲਿਤਾੜੇ, ਮਰ ਗਏ ਜੋ ਲਾਚਾਰੀ ਅੰਦਰ।

*

ਗੁਲਨਾਰ- 85