ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.......ਕਲਕੱਤੇ ਦੇ ਬਜਬਲ ਘਾਟ ਤੋਂ ਪਰਤ ਕੇ

ਕੱਲ੍ਹ ਸ਼ਾਮੀਂ ਜਦ ਤੱਕਿਆ ਮੈਂ ਤਾਂ, ਬਜ ਬਜ ਘਾਟ ਉਦਾਸ ਜਿਹਾ ਸੀ।
ਹੁਗਲੀ ਵਰਗਾ ਸੁਹਣਾ ਦਰਿਆ ਧਰਤੀ ਪਿੰਡੇ ਲਾਸ ਜਿਹਾ ਸੀ।

ਪੂਰੀ ਸਦੀ ਗੁਜ਼ਾਰਨ ਮਗਰੋਂ, ਮਿਲੀਆਂ ਕੇਵਲ ਵੀਹ ਤੀਹ ਇੱਟਾਂ,
ਯਾਦਗਾਰ ਵੀ ਕਾਹਦੀ ਐਵੇਂ, ਬੱਚਿਆਂ ਲਈ ਧਰਵਾਸ ਜਿਹਾ ਸੀ।

ਡੁੱਲ੍ਹੇ ਖ਼ੂਨ 'ਚ ਰੱਤੀ ਮਿੱਟੀ, ਓਹਲੇ ਵਿੱਚ ਡੁਸਕਦੀ ਵੇਖੀ,
ਲਾਟ ਸ਼ਹੀਦੀ ਦਾ ਚੁੱਪ ਰਹਿਣਾ, ਬੇਕਦਰੇ ਅਹਿਸਾਸ ਜਿਹਾ ਸੀ।

ਘਰੋਂ ਮੁਸਾਫ਼ਿਰ ਬਣ ਕੇ ਚੱਲੇ, ਮੰਜ਼ਿਲ ਮਿਲੀ ਨਾ ਘਰ ਨੂੰ ਪਰਤੇ,
ਪੱਥਰ ਉੱਕਰੇ ਨਾਵਾਂ ਪੱਲੇ, ਅੰਤਹੀਣ ਬਨਵਾਸ ਜਿਹਾ ਸੀ।

ਹੇ ਧਰਤੀ ਦੇ ਅਣਖ਼ੀ ਜਾਇਉ, ਐਵੇਂ ਨਾ ਹੁਣ ਜਸ਼ਨ ਮਨਾਇਉ,
ਜੇ ਨਹੀਂ ਪੜ੍ਹਨਾ ਅਸਲ ਸੁਨੇਹਾ, ਜੋ ਸੂਹੇ ਇਤਿਹਾਸ ਜਿਹਾ ਸੀ।

ਵਰਕਾ ਵਰਕਾ ਖਿੱਲਰੀ ਪੋਥੀ, ਲਿਖਣਹਾਰ ਦਾ ਨਾਂ ਵੀ ਮਿਟਿਆ,
ਅੱਥਰੂ ਅੱਥਰੂ ਸੁਪਨੇ ਦਾ ਵੀ, ਲੀਰੋ ਲੀਰ ਲਿਬਾਸ ਜਿਹਾ ਸੀ।

ਹੋਰ ਸ਼ਤਾਬਦੀਆਂ ਦੇ ਵਾਂਗੂੰ, ਇਹ ਗੱਡੀ ਵੀ ਲੰਘ ਗਈ ਹੈ,
ਸਾਡੇ ਹੁੰਦਿਆਂ ਸੁੰਦਿਆਂ ਸਹਿਕੇ, ਖ੍ਵਾਬ ਜੋ ਸੂਹੀ ਆਸ ਜਿਹਾ ਸੀ।

*

ਗੁਲਨਾਰ- 82