ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਹਿ ਸ਼ਿਵਾ ਵਰ ਮੋਹਿ ਤਕ ਤਾਂ, ਵਧੀਆ ਸੌਖਾ ਸਰ ਜਾਂਦਾ ਹੈ।
ਸੁਭ ਕਰਮਨ ਤਕ ਪਹੁੰਚਦਿਆਂ ਕਿਉਂ, ਇਹ ਪਾਪੀ ਮਨ ਡਰ ਜਾਂਦਾ ਹੈ।

ਕਰੋਧ-ਕਟੋਰੀ ਨੱਕੋ ਨੱਕ ਤੇ, ਮੈਲ ਕੁਚੈਲਾ ਮਨ ਦਾ ਸੀਸ਼ਾ,
ਪਤਾ ਨਹੀਂ ਕਿੰਜ ਮੇਰੇ ਵਰਗਾ, ਸੱਚੇ ਗੁਰੂ ਦੇ ਦਰ ਜਾਂਦਾ ਹੈ।

ਬਾਬਰ ਵੇਲੇ ਤੋਂ ਅੱਜ ਤੀਕਰ, ਜ਼ੋਰ ਜਬਰ ਦੀ ਨ੍ਹੇਰੀ ਚੱਲੇ,
ਮੈਂ ਸੁਣਿਆ ਸੀ, ਪਾਪ ਦਾ ਭਾਂਡਾ, ਹੌਲੀ ਹੌਲੀ ਭਰ ਜਾਂਦਾ ਹੈ।

ਉਡਣ ਖਟੋਲੇ, ਲੰਮੀਆਂ ਕਾਰਾਂ, ਸੁਣਨ ਦੇਣ ਨਾ ਇਹ ਫਿਟਕਾਰਾਂ,
ਪੈਦਲ ਬੰਦਾ ਖੜ੍ਹਾ ਖਲੋਤਾ ਇਹ ਕੁਝ ਸੁਣ ਕੇ, ਮਰ ਜਾਂਦਾ ਹੈ।

ਮਨ ਤਾਂ ਭਟਕੇ ਦੇਸ ਦਸੌਰੀ, ਦਿਨ ਤੇ ਰਾਤ ਟਿਕੇ ਨਾ ਇਕ ਪਲ,
ਇਹ ਤਨ ਏਨੀ ਭਟਕਣ ਲੈ ਕਿਉਂ, ਸ਼ਾਮਾਂ ਵੇਲੇ ਘਰ ਜਾਂਦਾ ਹੈ।

ਹਰ ਪਾਂਡਵ ਦੇ ਅੰਦਰ ਬੈਠਾ, ਮਰਦ ਹਮੇਸ਼ਾਂ ਨਾਟਕ ਕਰਦੈ;
ਰਾਜ ਭਾਗ ਦੀ ਖ਼ਾਤਰ ਹੀ ਕਿਉਂ, ਸਦਾ ਦਰੋਪਦਿ ਹਰ ਜਾਂਦਾ ਹੈ।

ਇਹ ਕਲਮਾਂ ਦੇ ਸਾਈਂ ਸਾਰੇ, ਹੋ ਜਾਂਦੇ ਕਿਉਂ ਬੇਇਤਬਾਰੇ,
ਹੁਕਮਰਾਨ ਜਦ ਸੂਹੀ ਥੈਲੀ, ਚੌਂਕ ਚੁਰਸਤੇ ਧਰ ਜਾਂਦਾ ਹੈ।

*

ਗੁਲਨਾਰ- 78