ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਰਾਂ ਥੱਲੇ ਅਪਣੀ ਧਰਤੀ, ਸਿਰ ਉੱਤੇ ਅਸਮਾਨ ਨਹੀਂ ਹੈ।
ਤਾਹੀਉਂ ਅਪਣੀ ਨਜ਼ਰ 'ਚ ਮੇਰੀ ਗਿਣਤੀ ਵੀ ਇਨਸਾਨ ਨਹੀਂ ਹੈ।

ਬਦੀਆਂ, ਪਾਪ ਬੁਰਾਈਆਂ ਕਰਦੇ, ਕਿਸ ਤੋਂ ਰਹਿਮਤ ਭਾਲ ਰਹੇ ਹੋ,
ਮਾਇਆਧਾਰੀ ਅੰਨ੍ਹਾ ਬੋਲ਼ਾ, ਇਹ ਕੋਈ ਭਗਵਾਨ ਨਹੀਂ ਹੈ।

ਲਿਖਕੇ ਅਰਜ਼ੀ ਤਰਲੇ ਕਰ ਕਰ, ਮਿੰਨਤਾਂ ਨਾਲ ਜੋ ਲੈ ਬੈਠੇ ਹੋ,
ਰੂਹ ਨੂੰ ਲਾਅਣਤ ਰੋਜ਼ ਪਵੇਗੀ, ਇਹ ਕੋਈ ਸਨਮਾਨ ਨਹੀਂ ਹੈ।

ਜਿਸ ਧਰਤੀ ਦੀ ਅਜ਼ਮਤ ਮਿੱਟੀ ਕਰਕੇ ਲੁੱਟੀ, ਕੁੱਟੀ, ਜਾਵੇ,
ਏਸ ਭੁਲੇਖੇ ਵਿੱਚ ਨਾ ਰਹਿਣਾ, ਉਸ ਮਿੱਟੀ ਵਿਚ ਜਾਨ ਨਹੀਂ ਹੈ।

ਵਿੰਗ ਤਵਿੰਗਾ ਚਿਹਰਾ ਤੇਰਾ, ਜੇ ਸ਼ੀਸ਼ੇ ਨੇ ਸਾਫ਼ ਵਿਖਾਇਐ,
ਸਮਝ ਕਿਉਂ ਨਹੀਂ ਪੈਂਦੀ ਤੈਨੂੰ, ਉਸ ਕੀਤਾ ਅਪਮਾਨ ਨਹੀਂ ਹੈ।

ਸ਼ਬਦ, ਕਿਤਾਬਾਂ, ਪਾਠ ਪੁਸਤਕਾਂ, ਜੇ ਨਾ ਤੀਜਾ ਨੇਤਰ ਖੋਲ੍ਹਣ,
ਭਰਮ ਜਾਲ ਦਾ ਕੂੜ ਪੁਲੰਦਾ, ਇਹ ਕੋਈ ਗੂੜ੍ਹ ਗਿਆਨ ਨਹੀਂ ਹੈ।

ਇਸ ਪਰਚੀ 'ਚੋਂ ਤਾਕਤ ਖਿੱਚ ਕੇ, ਫਿਰ ਘੁਰਨੇ ਵਿਚ ਮੁੜ ਜਾਂਦੇ ਹੋ,
ਸੱਚ ਪੁੱਛੋ ਤਾਂ ਲੋਕ-ਰਾਜ ਦਾ ਇਸ ਤੋਂ ਵੱਧ ਨੁਕਸਾਨ ਨਹੀਂ ਹੈ।

*

ਗੁਲਨਾਰ- 70