ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਨਵੰਤੇ ਦਾ ਬੋਲ ਕੁਬੋਲ ਵੀ ਬਣਦਾ ਬਚਨ ਬਿਲਾਸ ਕਿਉਂ ਹੈ?
ਸਾਡੀ ਅਰਜ਼ੀ ਮਹਿਲਾਂ ਖ਼ਾਤਰ, ਹਰ ਵਾਰੀ ਬਕਵਾਸ ਕਿਉਂ ਹੈ?

ਦਸਰਥ ਦਾ ਪੁੱਤ ਘਰ ਨੂੰ ਪਰਤੇ, ਕਰਨ ਸਵਾਗਤ ਜਗਦੇ ਦੀਵੇ,
ਜਾਨਕੀਆਂ ਦੇ ਭਾਗੀਂ ਲਿਖਿਆ, ਹਰ ਯੁਗ ਵਿਚ ਬਨਵਾਸ ਕਿਉਂ ਹੈ?

ਪਿੰਡਾਂ ਪੱਲੇ ਕੁਝ ਨਹੀਂ ਬਚਿਆ, ਫਿਰ ਵੀ ਜੱਲੀਆਂ ਪਾਉਂਦੇ ਗਾਉਂਦੇ,
ਖਾਂਦਾ ਪੀਂਦਾ ਨਿੱਘਰ ਚੱਲਿਆ, ਤੇਰਾ ਸ਼ਹਿਰ ਉਦਾਸ ਕਿਉਂ ਹੈ?

ਵਕਤ ਦੀਆਂ ਬੇਰਹਿਮੀਆਂ ਹੱਥੋਂ, ਬਾਰ ਬਾਰ ਇਹ ਪਿੰਜਿਆ ਜਾਵੇ,
ਮੇਰੇ ਦੇਸ਼ ਪੰਜਾਬ ਦੇ ਹਿੱਸੇ, ਜ਼ਹਿਮਤ ਵਰਗੀ ਲਾਸ ਕਿਉਂ ਹੈ?

ਨੌਵੇਂ ਗੁਰ ਉਪਦੇਸ਼ ਪੜ੍ਹਾਇਆ, ਨਾ ਭੈ ਦੇਣਾ, ਨਾ ਭੈ ਮੰਨਣਾ,
ਔਰੰਗਜ਼ੇਬ ਅਜੇ ਵੀ ਖਹਿੰਦਾ, ਸਾਡੀ ਰੂਹ ਦੇ ਪਾਸ ਕਿਉਂ ਹੈ?

ਨਾਰੋਵਾਲ ਤਸੀਲ ਦਾ ਨਕਸ਼ਾ ਮੈਂ ਸੁਣਿਐਂ ਹੁਣ ਬਦਲ ਗਿਆ ਏ,
ਪਿਉ-ਦਾਦੇ ਦੀ ਪੈੜ ਅਜੇ ਵੀ, ਜਿਉਂਦੇ ਹੋਣ ਦੀ ਆਸ ਕਿਉਂ ਹੈ?

ਕਾਲੇ ਕਰਮੀ, ਵਿਸ਼ ਵਣਜਾਰੇ, ਜੇਬ ਕਤਰ, ਕਰਤੂਤੀ ਕਾਫ਼ਿਰ,
ਧਰਮ, ਰਿਆਸਤ ਵਾਲੀ ਰਹਿਮਤ, ਇਨ੍ਹਾਂ ਉੱਤੇ ਖਾਸ ਕਿਉਂ ਹੈ?

ਸਾਡੇ ਰਾਹੀਂ ਕੰਡੇ ਬੀਜਣ, ਪਹਿਨਣ ਰੇਸ਼ਮ ਕੂਲੇ ਵਸਤਰ,
ਸਾਡੇ ਸੁਪਨੇ ਦਾ ਹਰ ਵਾਰੀ, ਜ਼ਖ਼ਮ ਜਿਹਾ ਇਤਿਹਾਸ ਕਿਉਂ ਹੈ?

ਇਸ ਧਰਤੀ ਦੇ ਮਾਲ ਖ਼ਜ਼ਾਨੇ, ਕੁਰਸੀ ਵਾਲੇ ਚੁੰਘੀ ਜਾਂਦੇ,
ਸਾਡੇ ਹਿੱਸੇ ਹਰ ਵਾਰੀ ਹੀ, ਭਾਗਾਂ ਦੀ ਧਰਵਾਸ ਕਿਉਂ ਹੈ?

*

ਗੁਲਨਾਰ- 64