ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜ ਘਰਾਂ ਦੇ ਲੇਖੇ ਅੰਦਰ ਹਰ ਬਾਗੀ ਮਸ਼ਕੂਕ ਕਿਉਂ ਹੈ?
ਬੰਦ ਬੂਹਿਆਂ ਨੂੰ ਵੱਜ ਕੇ ਮੁੜਦੀ, ਇਸ ਧਰਤੀ ਦੀ ਕੂਕ ਕਿਉਂ ਹੈ?

ਇਹ ਵੀ ਤਾਂ ਸਾਡੀ ਕਮਜ਼ੋਰੀ, ਤੂੰ ਕਰਦੈ ਜੋ ਸੀਨਾਜ਼ੋਰੀ,
ਸਦੀਆਂ ਤੋਂ ਹੀ ਤੇਰਾ ਕੈਦੀ, ਸਾਡਾ ਹੱਕ ਹਕੂਕ ਕਿਉਂ ਹੈ?

ਲੱਖ ਵਾਰੀ ਅਜ਼ਮਾਏ ਵਕਤਾਂ, ਸ਼ਬਦ ਸ਼ਸਤਰਾਂ ਨਾਲੋਂ ਤਿੱਖੇ,
ਮੂੰਹ ਵਿਚ ਜੀਭ ਜਿਉਂਦੀ ਹੁੰਦਿਆਂ, ਤੇਰੇ ਹੱਥ ਬੰਦੂਕ ਕਿਉਂ ਹੈ?

ਸਾਨੂੰ ਵੀ ਮਾਵਾਂ ਨੇ ਜਣਿਆ, ਬਾਬਲ ਸਾਨੂੰ ਲਾਡ ਲਡਾਏ,
ਆਪੇ ਦੱਸ ਤੂੰ ਮਹਿਲ ਵਾਲਿਆਂ, ਵੱਖੋ ਵੱਖ ਸਲੂਕ ਕਿਉਂ ਹੈ?

ਨਰਮਾ ਖਿੜਿਆ, ਚੁਗਿਆ ਤੇ ਫਿਰ ਕੱਤ ਬਣਾਇਆ ਮਹਿੰਗਾ ਵਸਤਰ,
ਬੀਜਣਹਾਰੇ ਤੇ ਚੋਗੀ ਦਾ ਚਿਹਰਾ ਪੀਲਾ ਭੂਕ ਕਿਉਂ ਹੈ?

ਮੈਂ ਇਹ ਸੁਣਿਐਂ, ਹਿੱਕੜੀ ਅੰਦਰ ਸੁਪਨੇ ਉੱਗਦੇ ਵੰਨ ਸੁਵੰਨੇ,
ਸਾਡੇ ਦਿਲ ਦੀ ਦਿੱਲੜੀ ਅੰਦਰ, ਹਰ ਦਮ ਉੱਠਦੀ ਹੂਕ ਕਿਉਂ ਹੈ?

ਜਨਕ-ਦੁਲਾਰੀ ਦੇ ਲਈ ਕੁੱਜੀ, ਮਹਾਰਾਜੇ ਦੀ ਮਾਂ ਲਈ ਮਹੁਰਾ,
ਹਰ ਯੁਗ ਅੰਦਰ, ਹਰ ਧੀ ਖਾਤਰ, ਸੱਸੀ ਵਾਂਗ ਸੰਦੂਕ ਕਿਉਂ ਹੈ?

*

ਗੁਲਨਾਰ- 59