ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਨ੍ਹੀ ਤਾਕਤ ਅਕਸਰ ਅੰਨ੍ਹਾ ਕਰ ਦੇਂਦੀ ਹੈ।
ਮਨ ਦਾ ਵਿਹੜਾ ਨਾਲ ਹਨ੍ਹੇਰੇ ਭਰ ਦੇਂਦੀ ਹੈ।

ਬਰਕਤ ਦਾ ਮੀਂਹ ਵਰ੍ਹਦਾ, ਕਰਦਾ ਜਲਥਲ, ਜਲਥਲ,
ਦਾਦੀ, ਨਾਨੀ ਜਦ ਸਿਰ 'ਤੇ ਹੱਥ ਧਰ ਦੇਂਦੀ ਹੈ।

ਮੋਹ ਮਮਤਾ ਦੀ ਮੂਰਤ, ਖ਼ੁਦ ਮਾਂ ਕੁਝ ਨਾ ਮੰਗੇ,
ਪਰ ਬੱਚਿਆਂ ਨੂੰ ਭਾਂਤ ਸੁਭਾਂਤੇ ਵਰ ਦੇਂਦੀ ਹੈ।

ਕਾਲੀ ਐਨਕ ਹੰਝੂਆਂ ਦੀ ਬਰਸਾਤ ਨਾ ਵੇਖੇ,
ਕੁਰਸੀ ਵੇਖੋ, ਕੀਹ ਕੀਹ ਕਾਰੇ ਕਰ ਦੇਂਦੀ ਹੈ।

ਰਾਜ ਲਕਸ਼ਮੀ ਸਰਸਵਤੀ ਨੂੰ ਕੀਲਣ ਖ਼ਾਤਰ,
ਰੁਤਬੇ ਜਾਂ ਫਿਰ ਵੰਨ ਸੁਵੰਨੇ ਡਰ ਦੇਂਦੀ ਹੈ।

ਵਕਤ ਉਸਾਰਨਹਾਰਾ ਆਪੇ ਬਣ ਜਾਂਦਾ ਏ,
ਨੀਂਹ ਦਾ ਪੱਥਰ ਜਦੋਂ ਲਿਆਕਤ ਧਰ ਦੇਂਦੀ ਹੈ।

ਤੁਰਨ ਨਾ ਦੇਂਦੇ, ਬੇਹਿੰਮਤੇ ਨੂੰ ਪੈਰੀਂ ਪੱਥਰ,
ਸੁਪਨੇ ਨੂੰ ਇਹ ਹਿੰਮਤ ਹੈ ਤਾਂ ਪਰ ਦੇਂਦੀ ਹੈ।

*

ਗੁਲਨਾਰ- 55