ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਹੀਂ ਬਹਿ ਕੇ ਖ਼ਤ ਲਿਖਿਆ ਕਰ, ਉੱਠ ਸਵੇਰੇ ਪੜ੍ਹਿਆ ਕਰ।
'ਵਾ ਦੇ ਘੋੜੇ ਚੜ੍ਹ ਕੇ ਐਵੇਂ, ਬੱਚਿਆਂ ਵਾਂਗ ਨਾ ਲੜਿਆ ਕਰ।

ਅੱਭੜਵਾਹੇ ਉੱਠ ਬਹਿੰਦਾ ਏ, ਨਾ ਤੁਰਿਆ ਕਰ ਸੁਪਨੇ ਵਿਚ,
ਟੀਸੀ ਤੇ ਅੱਪੜਨ ਲਈ ਵੀਰਾ, ਪੌੜੀ ਪੌੜੀ ਚੜ੍ਹਿਆ ਕਰ।

ਨਿੱਕੀਆਂ ਨਿੱਕੀਆਂ ਜੰਗਾਂ ਦੇ ਵਿਚ ਉਲਝ ਗਿਐਂ ਬਿਨ ਮਤਲਬ ਹੀ,
ਆਦਰਸ਼ਾਂ ਦੀ ਖ਼ਾਤਰ ਤੈਨੂੰ ਅੜਨਾ ਪਏ ਤਾਂ ਅੜਿਆ ਕਰ।

ਨਰਮ ਕਰੂੰਬਲ ਵੇਖ ਬਿਰਖ਼ ਦੀ ਨੱਚਦੀ ਕਿੱਸਰਾਂ ਚਾਵਾਂ ਨਾਲ,
ਅਪਣੀ ਅੱਗ ਵਿਚ ਚੌਵੀ ਘੰਟੇ, ਐਵੇਂ ਨਾ ਤੂੰ ਸੜਿਆ ਕਰ।

ਕਾਲੀ ਰਾਤ ਹਨ੍ਹੇਰੇ ਅੰਦਰ, ਲੁਕਣ ਮੀਚੀਆਂ ਖੇਡਣ ਜੋ,
ਜਗਦੇ ਬੁਝਦੇ ਲੀਕਾਂ ਵਾਹੁੰਦੇ, ਜੁਗਨੂੰ ਨਾ ਤੂੰ ਫੜਿਆ ਕਰ।

ਤੇਜ਼ ਤੂਫ਼ਾਨ ਕਹਿਰ ਦਾ ਆਵੇ, ਆ ਕੇ ਅੱਗੇ ਲੰਘ ਜਾਵੇ,
ਨੇਰ੍ਹ ਗੁਫ਼ਾ ਵਿਚ ਅੰਦਰ ਵੜ ਕੇ ਐਵੇਂ ਨਾ ਤੂੰ ਦੜਿਆ ਕਰ।

ਤੂੰ ਤਾਂ ਯਾਰਾ, ਘਾੜਨ ਹਾਰਾ, ਸੋਨ ਸੁਨਹਿਰੇ ਭਲਕਾਂ ਦਾ,
ਮੋਤੀ ਆਸ ਉਮੀਦਾਂ ਵਾਲੇ, ਦਿਲ ਮੰਦਰੀ ਵਿੱਚ ਜੜਿਆ ਕਰ।

*

ਗੁਲਨਾਰ- 54