ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੱਥੇ ਬੰਦ ਹਾਂ, ਗੁਪਤ ਗੁਫ਼ਾਵਾਂ ਲੱਭਦੀਆਂ ਨਹੀਂ।
ਸਾਨੂੰ ਸਾਡੀਆਂ ਧੁੱਪਾਂ ਛਾਵਾਂ ਲੱਭਦੀਆਂ ਨਹੀਂ।

ਪਰੀਆਂ ਨੂੰ ਹੁਣ ਪੈਸਾ ਨਾਚ ਨਚਾਉਂਦਾ ਹੈ,
ਸਾਨੂੰ ਤਾਹੀਂਉਂ ਪਰੀ-ਕਥਾਵਾਂ ਲੱਭਦੀਆਂ ਨਹੀਂ।

ਉੱਚੀ ਥਾਂ ਤੂੰ ਬੈਠਾ ਰਹਿੰਦੈ ਇਸ ਕਰਕੇ,
ਤੈਨੂੰ ਸਾਡੀਆਂ ਨੀਵੀਆਂ ਥਾਵਾਂ ਲੱਭਦੀਆਂ ਨਹੀਂ।

ਕੂੜ ਸੁਨੇਹੇ ਲਿਆ ਲਿਆ ਦੇਵੇਂ ਹਾਕਮ ਦੇ,
ਤਾਹੀਉਂ ਤੈਨੂੰ ਚੂਰੀਆਂ ਕਾਵਾਂ ਲੱਭਦੀਆਂ ਨਹੀਂ।

ਉੱਡਦੇ ਫਿਰਦੇ, ਆਹ ਮੇਰੇ ਨਾਲ ਕੀਹ ਹੋਇਆ,
ਪੈਰੀਂ ਚੜ੍ਹੀਆਂ ਹੁਣ ਉਹ ਰਾਹਵਾਂ ਲੱਭਦੀਆਂ ਨਹੀਂ।

ਰੌਣਕ-ਮੇਲੇ, ਜਗਤ ਝਮੇਲੇ ਅੰਦਰ ਹੁਣ,
ਆਪਣੀਆਂ ਹੀ ਦੋਵੇਂ ਬਾਹਵਾਂ ਲੱਭਦੀਆਂ ਨਹੀਂ।

ਦੁਰ ਦੋਮੇਲ ਤੇ ਧਰਤੀ ਸੂਰਜ ਮਿਲਦੇ ਜਦ,
ਐਸੀਆਂ ਥਾਵਾਂ ਵੇਖਣ ਜਾਵਾਂ, ਲੱਭਦੀਆਂ ਨਹੀਂ।

ਨਟਖਟ ਉਮਰ ਜਵਾਨੀ ਚੜ੍ਹਦੀ ਕਿੱਧਰ ਗਈ,
ਤਰਸ ਗਿਆਂ, ਉਹ ਸ਼ੋਖ ਅਦਾਵਾਂ ਲੱਭਦੀਆਂ ਨਹੀਂ।

*

ਗੁਲਨਾਰ- 52