ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੱਥੇ ਦੇ ਵਿਚ ਜੋਤ ਜਗੇ ਤਾਂ ਬੰਦਾ ਕਿੱਥੇ ਬਹਿੰਦਾ ਹੈ।
ਸੂਰਜ ਵਾਲੀ ਰੀਸ ਨਾ ਕਰੀਏ, ਇਹ ਤਾਂ ਚੜ੍ਹਦਾ ਲਹਿੰਦਾ ਹੈ।

ਦਰਦ-ਹਨ੍ਹੇਰਾ ਕਿੰਨਾ ਗੂੜ੍ਹਾ, ਪੁੱਛਿਓ ਓਸ ਪਰਿੰਦੇ ਤੋਂ,
ਬਿਰਖ਼ ਵਿਹੂਣੇ ਸ਼ਹਿਰ ਭਟਕਦਾ, ਮਮਟੀ ਤੇ ਜੋ ਲਹਿੰਦਾ ਹੈ।

ਧਰਤੀ ਸਿੰਜਦੇ, ਦਰਿਆ, ਸੂਏ, ਜ਼ਿਲ੍ਹੇਦਾਰ ਨੂੰ ਦਿਸਦੇ ਨੇ,
ਦਰਦਾਂ ਦਾ ਦਰਿਆ ਨਾ ਗਿਣਦਾ, ਦਿਨੇ ਰਾਤ ਜੋ ਵਹਿੰਦਾ ਹੈ।

ਗੂੜ੍ਹੀ ਨੀਂਦਰ ਸੁੱਤਿਆਂ, ਸੁੱਤਿਆਂ, ਜੋ ਆਵੇ ਉਹ ਖ਼੍ਵਾਬ ਨਹੀਂ,
ਅਸਲੀ ਸੁਪਨਾ ਸੌਣ ਨਾ ਦੇਵੇ, ਸਫ਼ਰ ਨਿਰੰਤਰ ਰਹਿੰਦਾ ਹੈ।

ਦਿਲ ਦੀ ਧੜਕਣ ਟਿਕ ਟਿਕ ਧੜਕੇ ਤੇ ਅੱਖ ਫ਼ਰਕੇ ਦਮ ਤੋਂ ਤੇਜ਼,
ਇਹ ਮਾਸੂਮ ਪਰਿੰਦਾ, ਵੇਖੋ, ਕਿੰਨੇ ਸਦਮੇ ਸਹਿੰਦਾ ਹੈ।

ਹੋ ਜਾ ਤੂੰ ਕੁਰਬਾਨ ਕਹੇ ਜੋ, ਧਰਮ ਕਰਮ ਦੇ ਨਾਂ ਦੇ ਹੇਠ,
ਆਪ ਮੈਦਾਨੋਂ ਭੱਜਦਾ ਵੇਖੀਂ, ਜਿਹੜਾ ਤੈਨੂੰ ਕਹਿੰਦਾ ਹੈ।

ਸੱਚ ਨਿਗੂਣਾ ਹੁੰਦਾ ਹੀ ਨਾ, ਇਹ ਤਾਕਤ ਹੈ ਬੜੀ ਅਮੋਲ,
ਸਦੀਆਂ ਤੋਂ ਹੀ ਜਾਬਰ ਨ੍ਹੇਰਾ, ਚਾਨਣ ਹੁੰਦੇ ਢਹਿੰਦਾ ਹੈ।

*

ਗੁਲਨਾਰ- 45