ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡੇ ਘਰ ਨੂੰ ਬਾਹਰੋਂ ਕਿਹੜਾ ਕੁੰਡੇ ਜੰਦਰੇ ਮਾਰ ਗਿਆ ਹੈ?
ਲੱਭੋ ਉਹ ਕਰਤੂਤੀ ਕਾਫ਼ਿਰ, ਜੋ ਇਹ ਕਹਿਰ ਗੁਜ਼ਾਰ ਗਿਆ ਹੈ।

ਸਾਡੇ ਗੁੱਟ ਤੇ ਹੱਥ ਕੜੀਆਂ ਦੇ ਵਾਂਗੂੰ ਘੜੀਆਂ ਬੱਧੀਆਂ ਰਹੀਆਂ,
ਇਕ ਵੀ ਪਲ ਮਹਿਫੂਜ਼ ਨਹੀਂ ਤੇ, ਵਕਤ ਝਕਾਨੀ ਮਾਰ ਗਿਆ ਹੈ।

ਅੰਨਦਾਤੇ ਦੇ ਮੋਢੇ ਬਗਲੀ, ਰੁਲਦਾ ਫਿਰਦਾ ਅਣਖ ਗੁਆ ਕੇ,
ਪੁੱਛਦਾ ਸਭ ਨੂੰ ਦੱਸੋ ਕਿਹੜਾ, ਮੇਰਾ ਖੇਡ ਸ਼ਿਕਾਰ ਗਿਆ ਹੈ?

ਮਰਦੇ ਦਮ ਤੱਕ, ਬਾਪੂ ਜੀ ਸੀ, ਇੱਕੋ ਗੱਲ ਹੀ ਪੁੱਛੀ ਜਾਂਦੇ,
ਨਾਰੋਵਾਲ ਭਲਾ ਬਈ ਦੱਸੋ, ਕਿਉਂ ਰਾਵੀ ਤੋਂ ਪਾਰ ਗਿਆ ਹੈ?

ਦੂਲੇ ਪੁੱਤਰ ਜਿਸ ਦੀ ਖ਼ਾਤਿਰ, ਕੱਠੇ ਲੜਦੇ, ਮਰਨੀਂ ਮਰ ਗਏ,
ਆਜ਼ਾਦੀ ਵਿਚ ਲੀਕਾਂ ਵਾਹ ਕੇ, ਗੋਰਾ ਕਿੱਦਾਂ ਚਾਰ ਗਿਆ ਹੈ?

ਕਮਲਾ ਹੋ ਜਾਣਾ ਸੀ ਮੈਂ ਤਾਂ, ਏਨਾ ਭਾਰ ਦਿਲੇ ਤੇ ਰੱਖ ਕੇ,
ਮੈਂ ਧੰਨਵਾਦੀ 'ਸ਼ਬਦ ਗੁਰੂ' ਦਾ ਜਿਹੜਾ ਭਾਰ ਉਤਾਰ ਗਿਆ ਹੈ।

ਪੰਜ ਸੱਤ ਗ਼ਜ਼ਲਾਂ, ਕੁਝ ਕਵਿਤਾਵਾਂ, ਸਾਂਭ ਸਕੇ ਤਾਂ ਸਾਂਭੀ ਰੱਖਿਓ,
ਮੈਂ ਵੀ ਓਧਰ ਜਾਣੈਂ ਜਿੱਧਰ, ਚੰਦ, ਮੀਸ਼ਾ, ਜਗਤਾਰ ਗਿਆ ਹੈ।

*

ਗੁਲਨਾਰ- 38