ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਸਾਨੂੰ ਮੋੜਾਂ ਉੱਤੇ ਟੱਕਰੇ ਜੀ, ਕਿਹੋ ਜਹੇ ਦਰਿੰਦੇ।
ਪਿੱਛੇ ਮੁੜੀਏ ਤਾਂ ਮੌਤ, ਅੱਗੇ ਜਾਣ ਵੀ ਨਹੀਂ ਦਿੰਦੇ।

ਸੁੱਕੀ ਹੋਠਾਂ ਤੇ ਆਵਾਜ਼, ਖੰਭ ਭੁੱਲੇ ਪਰਵਾਜ਼,
ਅਸੀਂ ਧਰਤੀ ਤੇ ਰੀਂਘਦੇ ਹਾਂ, ਨਾਮ ਦੇ ਪਰਿੰਦੇ।

ਪਹਿਲਾਂ ਗੋਲੀਆਂ ਦਾ ਕਹਿਰ, ਹੁਣ ਪੁੜੀਆਂ 'ਚ ਜ਼ਹਿਰ,
ਕਿੱਦਾਂ ਮਰ ਮੁੱਕ ਚੱਲੇ, ਸਾਡੇ ਘਰੀਂ ਜਾਏ ਛਿੰਦੇ।

ਹੁਣ ਰੁੱਖਾਂ ਤੇ ਮਨੁੱਖਾਂ ਤੋਂ ਵੀ ਅੱਗੇ ਤੁਰੀ ਅੱਗ,
ਚੱਲ, ਚਿੰਤਾ ਤੋਂ ਅੱਗੇ ਤੁਰ, ਮੇਰੀਏ ਨੀ ਜਿੰਦੇ।

ਬਣੇ ਪੈਸੇ ਦੇ ਪੁਜਾਰੀ, ਟੁੱਟੀ ਸ਼ਿਵਾ ਨਾਲ ਯਾਰੀ,
ਸ਼ੁਭ ਕਰਮਨ 'ਵਰ' ਕਿੱਥੋਂ ਮੰਗੀਏ ਗੋਬਿੰਦੇ।

ਅੱਜ ਵੇਖ ਕੇ ਪੰਜਾਬ, ਗੁੰਮ ਸੁੰਮ ਹੈ ਰਬਾਬ,
ਮੇਰੀ ਰੂਹ ਵਾਲਾ ਰਾਗ, ਕਿਉਂ ਨਹੀਂ ਛੇੜਦੇ ਸਾਜ਼ਿੰਦੇ।

ਸਾਡੇ ਗਿਆਨ-ਵਿਗਿਆਨ, ਸਾਰੇ ਭੁੱਲ ਗਏ ਈਮਾਨ,
ਹੁਣ ਬਣ ਗਏ ਗਿਆਨੀ ਜੀ ਵੀ ਸ਼ਾਹਾਂ ਦੇ ਕਾਰਿੰਦੇ।

*

ਗੁਲਨਾਰ- 28