ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੰਗਲ ਵਰਤ ਕੇ ਨਹੀਂ ਦਿੰਦਾ, ਸਗੋਂ ਸਹਿਜਭਾਵੀ ਢੰਗ ਨਾਲ ਲੋਕਾਇਣ ਵਿਚੋਂ ਅਜਿਹੇ ਬਿੰਬ ਜਾਂ ਪ੍ਰਤੀਕ ਚੁਣ ਕੇ ਦੇਂਦਾ ਹੈ, ਜਿਹੜੇ ਕਿ ਹਰ ਪੰਜਾਬੀ ਦੇ ਚੇਤੇਦਾ ਅਨਿੱਖੜਵਾਂ ਅੰਗ ਬਣ ਚੁਕੇ ਹਨ। ਉਸ ਦੀ ਸ਼ਾਇਰੀ ਸਮਕਾਲੀ ਸਦੀਵਤਾ ਦੀ ਹਾਣੀ ਹੋ ਨਿਬੜਦੀ ਹੈ।

———ਪ੍ਰੋ. ਸੁਰਿੰਦਰ ਸਿੰਘ ਨਰੂਲਾ ਡੀ.ਲਿਟ

*ਗੁਰਭਜਨ ਗਿੱਲ ਸੁਹਿਰਦ ਸ਼ਾਇਰ ਹੈ, ਜਿਸ ਦੇ ਕੇਂਦਰ ਵਿਚ 'ਮਨੁੱਖ ਹੈ ਅਤੇ ਉਹ ਮਨੁੱਖ ਦੇ ਹਰੇਕ ਦੁਸ਼ਮਣ ਦੀ ਗੰਭੀਰਤਾ ਨਾਲ ਨਿਸ਼ਾਨਦੇਹੀ ਕਰਦਾ ਹੈ। ਉਸ ਦਾ ਹਾਸਿਲ ਇਹ ਹੈ ਕਿ ਉਹ ਆਪਣੀ ਉਂਗਲ ਕੇਵਲ ਬਾਹਰ ਵੱਲ ਹੀ ਨਹੀਂ ਚੁੱਕਦਾ, ਸਗੋਂ ਉਹ ਬੰਦੇ ਦੇ ਅੰਦਰ ਬੈਠੇ ਵੈਰੀਆਂ ਤੋਂ ਲੈ ਕੇ ਬਾਹਰ ਪਸਰੇ ਕਹਿਰਵਾਨਾਂ ਤਕ ਦੀ ਸ਼ਨਾਖ਼ਤ ਕਰਦਾ ਹੈ ਅਤੇ ਸਭ ਨੂੰ ਬੇਬਾਕ ਹੋ ਕੇ ਵੰਗਾਰਦਾ ਹੈ। ਉਹ ਸਾਡੇ ਸਾਰਿਆਂ ਦਾ ਆਪਣਾ ਸ਼ਾਇਰ ਹੈ, ਪਰ ਕਿਸੇ ਦਾ ਜ਼ਰ ਖਰੀਦ ਨਹੀਂ। ਗੁਰਭਜਨ ਗਿੱਲ ਦਾ ਸੱਚ ਸ਼ਿੱਦਤ ਨਾਲ ਏਨਾ ਭਰਪੂਰ ਹੈ ਕਿ ਉਹ ਆਪਣੀ ਧਿਰ ਆਪ ਬਣ ਗਿਆ ਹੈ...।

———ਆਤਮਜੀਤ (ਡਾ.)

*ਗੁਰਭਜਨ ਗਿੱਲ ਪੂੰਜੀਵਾਦੀ ਵਿਵਸਥਾ ਵਿਚ ਕਲਾ ਅਤੇ ਕਲਚਰ ਦੀ ਹੋਣੀ ਬਾਰੇ ਸੁਚੇਤ ਹੈ। ਆਪਣੀਆਂ ਗ਼ਜ਼ਲਾਂ ਵਿਚ ਉਹ ਇਸ ਵੱਲ ਗੂੜ੍ਹੇ ਸੰਕੇਤ ਕਰਦਾ ਹੈ। ਉਹ ਇਸ ਗੱਲੋਂ ਸੁਚੇਤ ਹੈ ਕਿ ਸ਼ਾਇਰ ਕਿਸੇ ਖ਼ਿਲਾਅ ਵਿਚ ਨਹੀਂ ਵਿਚਰਦਾ, ਉਸ ਦੀ ਹੋਂਦ ਅਤੇ ਚੇਤਨਾ ਸਮਾਜਕ ਹੁੰਦੀ ਹੈ ਅਤੇ ਸਮਾਜਕ ਵੇਗ ਨੂੰ ਪ੍ਰਭਾਵਿਤ ਵੀ ਕਰਦੀ ਹੈ। ਉਸ ਨੇ ਅਜੋਕੇ ਕਲਾ ਵਿਰੋਧੀ ਮਾਹੌਲ ਵਿਚ ਵੀ ਆਪਣੀ ਧਿਰ, ਲੋਕਾਂ ਦੇ ਸੱਚ ਨੂੰ ਪਹਿਚਾਣਿਆ ਹੈ ਅਤੇ ਉਸ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਹੈ। ਗੁਰਭਜਨ ਗਿੱਲ ਸੁਚੇਤ ਰਚਨਾ ਧਰਮੀ ਹੈ। ਉਸ ਦੀ ਕਵਿਤਾ ਨਾ ਕਿਸੇ ਨਿੱਜੀ ਵੇਦਨਾ ਦੀ ਹੂਕ ਹੈ, ਨਾ ਕਿਸੇ ਸੁਹਜ ਉਮੰਗ ਦੀ ਪੂਰਤੀ। ਉਸ ਦੀ ਕਵਿਤਾ ਠੋਸ ਸਮਾਜੀ ਹਕੀਕਤਾਂ ਅਤੇ ਸਮਕਾਲੀ ਮਨੁੱਖ ਨੂੰ ਦਰਪੇਸ਼ ਚੁਣੌਤੀਆਂ ਦਾ ਪ੍ਰਤਿਉਤਰ ਹੈ। ਗੁਰਭਜਨ ਗਿੱਲ ਦੀ ਵਡਿਆਈ ਸਮਕਾਲੀ ਜੀਵਨ ਦੇ ਦਵੰਦਾਂ, ਸੰਕਟਾਂ ਅਤੇ ਤਣਾਉ ਨੂੰ ਉਸ ਦੀਆਂ ਵਿਭਿੰਨ ਪਰਤਾਂ ਸਮੇਤ ਪਛਾਨਣ ਅਤੇ ਫਿਰ ਸਰਲ ਸੁਬੋਧ, ਲੋਕ-ਕਾਵਿਕ ਸ਼ੈਲੀ ਵਿਚ ਪ੍ਰਗਟਾਉਣ ਕਰਕੇ ਹੈ। ਉਸ ਦੀ ਦ੍ਰਿਸ਼ਟੀ ਮਾਨਵਵਾਦੀ-ਪ੍ਰਗੀਤਵਾਦੀ ਹੈ। ਉਹ ਸਹਿਜ ਅਨੁਭਵੀ ਹੈ। ਉਹ ਯਥਾਰਥ ਦੇ ਸਤਹੀ ਫੋਟੋਗ੍ਰਾਫਿਕ ਚਿਤਰਣ ਦੀ ਥਾਂ ਜੀਵਨ ਦੇ ਸਹਿਜ ਵਿਵੇਕ ਨੂੰ ਸੰਕੇਤਕ ਭਾਸ਼ਾ ਤੇ ਸੂਤਰ ਸ਼ੈਲੀ ਵਿਚ ਰੂਪਮਾਨ ਕਰਦਾ ਹੈ। ਭਾਵੇਂ ਉਸ ਨੇ ਗੀਤਾਂ ਅਤੇ ਗ਼ਜ਼ਲਾਂ ਦੇ ਨਾਲ-ਨਾਲ ਖੁੱਲ੍ਹੀ ਕਵਿਤਾ ਦੀ ਸਿਰਜਣਾ ਵੀ ਕੀਤੀ ਹੈ ਪਰ ਉਸ ਦੀ ਕਵਿਤਾ ਦੀ ਪ੍ਰਧਾਨ ਸੁਰ ਸਰੋਦੀ ਹੈ। ਮਾਨਵਵਾਦੀ ਰਚਨਾ ਦ੍ਰਿਸ਼ਟੀ ਅਤੇ ਪ੍ਰਤੀਬੱਧ ਕਲਾ ਧਰਮੀ ਹੋਣ ਕਰਕੇ ਗੁਰਭਜਨ ਦੀ ਕਵਿਤਾ ਦਰਪੇਸ਼ ਮਨੁੱਖੀ ਸਰੋਕਾਰਾਂ ਨਾਲ ਸਿੱਧਾ ਦਸਤਪੰਜਾ ਲੈਂਦੀ ਹੈ।ਦਹਿਸ਼ਤਵਾਦ ਦੇ ਔਖੇ ਦਿਨਾਂ ਵਿਚ ਉਸ ਦੀ ਕਵਿਤਾ ਨੇ ਜਨ ਸਾਧਾਰਨ ਨਾਲ ਵਫ਼ਾ ਪਾਲੀ ਹੈ। ਸਰਕਾਰੀ ਅਤੇ ਖਾੜਕੂ ਆਤੰਕ ਦੇ ਦਿਨਾਂ ਵਿਚ ਵੀ ਉਸ ਦੀ ਕਵਿਤਾ ਮੁਖਰ (ਉੱਚੀ ਸੁਰ ਵਾਲੀ) ਰਹੀ। ਬੇਬਾਕੀ ਗੁਰਭਜਨ ਦੀ ਕਵਿਤਾ ਦਾ ਅਤੇ ਜੀਵਨ ਸ਼ੈਲੀ ਦਾ ਸਾਂਝਾ ਗੁਣ ਹੈ।ਵਰ੍ਹਦੀਆਂ ਗੋਲੀਆਂ ਦੇ ਦੌਰ ਵਿਚ ਵੀ ਉਸ ਨੇ ਆਪਣੀ ਕਵਿਤਾ ਨੂੰ ਸੂਖ਼ਮ ਇਸ਼ਾਰਿਆਂ ਦੀ ਮੁਥਾਜ ਨਹੀਂ ਬਣਨ ਦਿੱਤਾ। ਉਸ ਦੇ ਧੁਰ ਅਵਚੇਤਨ ਵਿਚ ਪਿੰਡਾਂ ਦਾ ਪੱਕਾ ਪੀਡਾ ਵਾਸਾ ਹੈ।

———ਡਾ. ਸੁਖਦੇਵ ਸਿੰਘ ਸਿਰਸਾ