ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

*ਜਿਹੜੇ ਲੋਕ ਇਹ ਕਹਿੰਦੇ ਹਨ ਕਿ ਗ਼ਜ਼ਲ ਵਿਚ ਜ਼ਿੰਦਗੀ ਦੇ ਸਮੁੱਚੇ ਸਰੋਕਾਰ ਨਹੀਂ ਸਮੇਟੇ ਜਾ ਸਕਦੇ, ਉਨ੍ਹਾਂ ਨੂੰ ਗੁਰਭਜਨ ਗਿੱਲ ਦੀ ਸ਼ਾਇਰੀ ਪੜ੍ਹਨੀ ਚਾਹੀਦੀ ਹੈ। ਪਿੰਡਾਂ ਵਿਚ ਆ ਰਹੇ ਬਦਲਾਉ ਤੋਂ ਲੈ ਕੇ ਸ਼ਹਿਰੀ ਲੋਕਾਂ ਦੀ ਤੋਤਾ-ਚਸ਼ਮੀ ਤਕ, ਪਿਆਰ ਮੁਹੱਬਤ ਦੇ ਪਾਕ ਜਜ਼ਬੇ ਵਿਚ ਆ ਰਹੀ ਖ਼ੁਦਗਰਜ਼ੀ ਤੇ ਮਨਾਫ਼ਕਤ (Hypocrisy) ਤੋਂ ਇਨਸਾਨੀ ਰਿਸ਼ਤਿਆਂ ਵਿਚ ਪੈ ਰਹੀਆਂ ਵਿੱਥਾਂ ਤਕ, ਪਦਾਰਥਾਂ ਦੇ ਮੰਡੀਕਰਣ ਤੋਂ ਲੈ ਕੇ ਇਕਲਾਪੇ ਦੀ ਕੁੰਠਾ ਤਕ, ਦੇਸ਼ ਦੀ ਵੰਡ ਦੇ ਦੁਖਾਂਤ ਤੋਂ ਸਰਾਪੇ ਪੰਜਾਬ ਦੇ ਸੰਤਾਪ ਤਕ ਅਤੇ ਹਾਸ਼ੀਏ ਤਕ ਸੀਮਤ ਲੋਕਾਂ ਦੇ ਸਰੋਕਾਰਾਂ ਦੀ ਅਭਿਵਿਅਕਤੀ ਸਹਿਜੇ ਹੀ ਉਸ ਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦੀ ਹੈ। ਜੇ ਮੈਂ ਕੁਝ ਸ਼ਬਦਾਂ ਵਿਚ ਹੀ ਕਹਿਣਾ ਹੋਵੇ ਤਾਂ ਏਹੀ ਕਹਾਂਗਾ ਕਿ ਗੁਰਭਜਨ ਗਿੱਲ ਪੰਜਾਬੀ ਗ਼ਜ਼ਲ ਕਾਵਿ-ਖੇਤਰ ਵਿਚ ਅਜਿਹਾ ਸਿਸੀਫ਼ਸ (Sisyphus) ਹੈ ਜੋ ਸਮਕਾਲੀ ਗ਼ਜ਼ਲਗੋਆਂ ਦੇ ਡਿੱਗ ਰਹੇ ਗਰਾਫ਼ ਨੂੰ ਹਰ ਰੋਜ਼ ਇਕ ਸਿਖ਼ਰ 'ਤੇ ਲੈ ਜਾਂਦਾ ਹੈ।
...ਅੱਜ ਦੇ ਬਹੁਤ ਸਾਰੇ ਗ਼ਜ਼ਲੋਆਂ ਤੇ ਖ਼ਾਸ ਕਰ ਕਵਿੱਤਰੀਆਂ (ਗ਼ਜ਼ਲਗੋ) ਸਵੈ ਤਰਸ ਦੇ ਭਾਗੀ ਬਣ ਕੇ ਲੋਕਾਂ/ਪਾਠਕਾਂ/ਆਲੋਚਕਾਂ ਤੋਂ ਤਰਸ ਰਾਹੀਂ ਸਥਾਪਨਾ ਦੀ ਖ਼ੈਰਾਇਤ ਲੈਣਾ ਚਾਹੁੰਦੇ ਹਨ ਪਰ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਅਜਿਹੀ ਖ਼ੈਰ ਦੀ ਪ੍ਰਸੰਸਾ ਲੈਣ ਦੇ ਕਿਤੇ ਵੀ ਚਿੰਨ੍ਹ ਦਿਖਾਈ ਨਹੀਂ ਦੇਂਦੇ, ਬਲਕਿ ਉਹ ਨਿਰਾਸ਼ਾ ਦੇ ਹਨੇਰੇ ਵਿਚ ਸੂਰਜ ਵਾਂਗ ਮਘਦਾ ਹੈ।

——ਜਗਤਾਰ (ਡਾ.)


*ਕਵਿਤਾ ਵਿੱਚੋਂ ਗ਼ਜ਼ਲ ਦਾ ਅਤੇ ਹੁਣ ਪੈਦਾ ਹੋ ਗਏ ਅਣਗਿਣਤ ਗ਼ਜ਼ਲਕਾਰਾਂ ਵਿੱਚੋਂ ਕੁਝ ਇਕ ਗਜ਼ਲਕਾਰਾਂ ਦਾ ਮੈਂ ਰਸੀਆ ਪਾਠਕ ਹਾਂ। ਮੈਨੂੰ ਗਜ਼ਲ ਦੀਆਂ ਗਿਣਤੀਆਂ ਮਿਣਤੀਆਂ ਦੀ ਉੱਕਾ ਹੀ ਕੋਈ ਸਮਝ ਨਹੀਂ ਪਰ ਤੇਰੀਆਂ ਗ਼ਜ਼ਲਾਂ ਦੀ ਰਵਾਨੀ ਅਤੇ ਉਨ੍ਹਾਂ ਦੇ ਵਹਾਅ ਦਾ ਕੀ ਕਹਿਣਾ। ਮੇਰਾ ਤਾਂ ਇਸੇ ਨਾਲ ਮਤਲਬ ਹੈ। ਇਕ ਗ਼ਜ਼ਲਕਾਰ ਵਜੋਂ ਤੇਰਾ ਮੀਰੀ ਗੁਣ ਸਵੈ-ਕੇਂਦਰਿਤ ਨਾ ਹੋਣਾ ਹੈ। ਇਹ ਤੇਰੀ ਆਵਾਜ਼ ਨਹੀਂ, ਲੋਕਾਂ ਦੀ ਆਵਾਜ਼ ਹੈ। ਤੂੰ ਉਪਦੇਸ਼ਕ ਹੋਏ ਬਿਨਾ ਸਮਾਜਕ ਸਦਾਚਾਰ ਦੀ ਅਤੇ ਰਾਜਨੀਤਕ ਹੋਏ ਬਿਨਾ ਰਾਜਨੀਤੀ ਦੀ ਗੱਲ ਕਰ ਜਾਂਦਾ ਹੈ। ਤੇਰੀ ਗਜ਼ਲ ਕੇਵਲ ਵੱਡੇ ਮਸਲਿਆਂ ਨੂੰ ਹੀ ਨਹੀਂ ਸਗੋਂ ਆਮ ਆਦਮੀ ਦੇ ਰੋਜ਼ਾਨਾ ਜੀਵਨ ਦੀਆਂ ਨਿੱਕੀਆਂ-ਨਿੱਕੀਆਂ ਪਰੇਸ਼ਾਨੀਆਂ ਨੂੰ ਵੀ ਕਲਾਵੰਤ ਰੂਪ ਵਿਚ ਪੇਸ਼ ਕਰਦੀ ਹੈ।ਵਿਚਾਰ ਦੀ ਅਜਿਹੀ ਗਹਿਰਾਈ ਵਾਲੀ ਗ਼ਜ਼ਲ ਹੀ ਪਾਠਕ ਲਈ ਕੋਈ ਅਰਥ ਰੱਖਦੀ ਹੈ।

——ਗੁਰਬਚਨ ਸਿੰਘ ਭੁੱਲਰ


*ਗੁਰਭਜਨ ਗਿੱਲ ਦੀ ਸ਼ਾਇਰੀ ਕਿਸੇ ਵੱਡੀ ਲੜਾਈ ਲੜਨ ਦੀ ਲੋੜ ਦਾ ਜ਼ੋਰਦਾਰ ਅਹਿਸਾਸ ਕਰਵਾਉਂਦੀ ਹੈ, ਜਿਹੜੀ ਲੜਾਈ ਗੁਪਤ ਪ੍ਰਗਟ ਅਨੇਕਾਂ ਸੰਸਥਾਵਾਂ, ਵਿਅਕਤੀਆਂ, ਰੀਤਾਂ ਰੁਚੀਆਂ ਤੇ ਬਿਰਤੀਆਂ ਦੇ ਖ਼ਿਲਾਫ਼ ਲੜੀ ਜਾਣੀ ਹੈ, ਆਰਥਿਕ ਸ਼ੋਸ਼ਣ ਦੇ ਖ਼ਿਲਾਫ਼, ਸਭਿਆਚਾਰਕ ਪ੍ਰਦੂਸ਼ਣ ਦੇ ਖ਼ਿਲਾਫ਼, ਕਾਲੇ ਹੁਕਮਾਂ ਦੇ ਖ਼ਿਲਾਫ਼, ਖੜੋਤ ਦੇ ਖ਼ਿਲਾਫ਼, ਸਾਰੇ ਨਿਜ਼ਾਮ ਦੇ ਖ਼ਿਲਾਫ਼, ਨਸ਼ੀਲੇ ਪਦਾਰਥਾਂ ਅਤੇ ਜ਼ਹਿਰਾਂ ਦੇ ਵਣਜਾਰਿਆਂ ਦੇ ਖ਼ਿਲਾਫ਼, ਬਿਜਲਈ ਸੰਚਾਰ ਮਾਧਿਅਮਾਂ ਰਾਹੀਂ ਸਾਡੇ ਘਰਾਂ ਵਿਚ ਨਿਰਵਸਤਰ ਸਦਾਚਾਰ ਦੇ ਪ੍ਰਚਾਰ ਕਰਨ ਵਾਲੇ ਮੁਸ਼ਟੰਡਿਆਂ ਦੇ ਖ਼ਿਲਾਫ਼, ਰੰਗ-ਬਿਰੰਗੇ ਨਾਅਰਿਆਂ ਦੇ ਗ਼ੁਬਾਰਿਆਂ ਦੇ ਖ਼ਿਲਾਫ਼, ਯੋਜਨਾ ਭਵਨਾਂ ਵਿਚ ਬੈਠੇ ਜੁਗਾੜ-ਪੰਥੀਆਂ ਦੇ ਖ਼ਿਲਾਫ਼, ਅਬਦਾਲੀਆਂ,

ਗੁਲਨਾਰ- 146