ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿੱਦਾਂ ਮਰਨ ਦਿਆਂ ਮੈਂ, ਦੱਸੀਂ, ਆਸਾਂ ਸੁਰਖ਼ ਉਮੀਦਾਂ ਨੂੰ।
ਦਿਲ ਦਾ ਹਾਲ ਸੁਣੀਂ ਤੂੰ ਬਹਿ ਕੇ, ਢਾਰਸ ਮਿਲੂ ਮੁਰੀਦਾਂ ਨੂੰ।

ਦੇਸ਼ ਦੀ ਖ਼ਾਤਰ ਕੌਣ ਕਦੋਂ ਸੀ, ਫਾਂਸੀ ਤਖ਼ਤੇ ਲਟਕ ਗਿਆ,
ਏਨੀ ਜਲਦੀ ਕਿਉਂ ਭੁੱਲ ਬੈਠੇ, ਸਾਡੇ ਲੋਕ ਸ਼ਹੀਦਾਂ ਨੂੰ।

ਮਾਲ ਪਲਾਜ਼ੇ, ਬਦਲੇ ਖਾਜੇ, ਕਿੱਥੋਂ ਕਿੱਧਰ ਤੁਰ ਪਏ ਆਂ,
ਮੰਡੀ ਦੇ ਵਿਚ ਵਿਕ ਚੱਲੇ ਹਾਂ, ਕਰਦੇ ਰੋਜ਼ ਖ਼ਰੀਦਾਂ ਨੂੰ।

ਆਈਆਂ ਚੋਣਾਂ, ਘਰ ਘਰ ਰੋਣਾ, ਫਿਰ ਧੜਿਆਂ ਵਿਚ ਵੰਡਣਗੇ,
ਬੱਕਰੇ ਦੀ ਮਾਂ ਕਿੰਜ ਉਡੀਕੇ, ਦੱਸੋ ਜੀ, ਬਕਰੀਦਾਂ ਨੂੰ।

ਦੁੱਲਾ ਭੱਟੀ ਹਰ ਜਾਬਰ ਤੋਂ ਨਾਬਰ ਤਾਂ ਪੁਸ਼ਤੈਨੀ ਹੈ,
ਚਿੱਤ ਵਿਚ ਰੱਖਦੈ, ਸਦਾ ਜਿਉਂਦੇ, ਸ਼ਾਹਿਦ ਬਾਪ ਫ਼ਰੀਦਾਂ ਨੂੰ।

ਤੂੰ ਨਿਰਮੋਹੀਆ, ਇਨਕਲਾਬ ਦਾ ਲਾਰਾ ਲਾ ਕੇ ਮੁੜਿਆ ਨਹੀਂ,
ਨੈਣ ਬਰਸਦੇ, ਰਹਿਣ ਤਰਸਦੇ, ਚੰਨ ਮਾਹੀ ਦਿਆਂ ਦੀਦਾਂ ਨੂੰ।

ਨਾ ਧਰਤੀ ਨਾ ਅੰਬਰ ਆਪਣਾ, ਮਨ ਪਰਦੇਸੀ ਹੋ ਚੱਲਿਆ,
ਆਪਣਾ ਆਪ ਬੇਗਾਨਾ ਹੋਇਆ, ਕੀ ਕਰਨੈਂ ਮੈਂ ਈਦਾਂ ਨੂੰ।

*

ਗੁਲਨਾਰ- 144