ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੁੱਟਿਆ ਸੌ ਵਾਰ ਫਿਰ ਵੀ ਟਾਹਣੀਆਂ ਤੇ ਜੁੜ ਗਿਆ।
ਜ਼ਰਦ ਪੱਤਾ ਕਿਰ ਗਿਆ ਫ਼ਿਰ ਸਬਜ਼ ਪੱਤਾ ਪੁੰਗਰਿਆ।

ਧਰਤ ਅੰਦਰ ਉਗਮਦਾ ਤੇ ਬਿਣਸਦਾ, ਵੇਖੋ ਕਮਾਲ,
ਤੁਰ ਰਿਹਾ ਹੈ ਜ਼ਿੰਦਗੀ, ਤੇਰਾ ਨਿਰੰਤਰ ਕਾਫ਼ਲਾ।

ਮੈਂ ਤੇਰੇ ਤੋਂ ਦੂਰ ਵੀ ਹਾਂ, ਨੇੜ ਵੀ ਧੜਕਣ ਦੇ ਵਾਂਗ,
ਮਨ-ਪਰਿੰਦਾ ਮੌਜ ਅੰਦਰ, ਇੱਕ ਥਾਂ ਨਹੀਂ ਠਹਿਰਦਾ।

ਸੜ ਗਿਆ ਜੰਗਲ ਤੇ ਉਸ ਵਿਚ ਰਾਖ਼ ਹੋਇਆ ਬਹੁਤ ਕੁਝ,
ਕਰਮ ਇਹ ਤੇਰਾ ਮੁਹੱਬਤ, ਫੇਰ ਹੈ ਜੰਗਲ ਹਰਾ।

ਅਜਬ ਹੈ ਰਿਸ਼ਤਾ ਸਨੇਹ ਦਾ, ਰੋਜ਼ ਤੁਰਨਾ ਤੇਗ ਤੇ,
ਵਾਅ ਵਰ੍ਹੇਲੇ ਤੇਜ਼ ਤਿੱਖੇ, ਝੁਲਸਦੀ ਤਪਦੀ ਹਵਾ।

ਐ ਦਿਲਾ ਪੁੱਛੀਂ ਕਦੇ ਤੂੰ, ਇਸ਼ਕ ਨੂੰ ਵਿਸ਼ਵਾਸ ਨਾਲ,
ਚੋਰ ਵਾਂਗੂੰ ਤੂੰ ਕਦੋਂ ਸੈਂ ਏਥੇ ਆ ਕੇ ਬਹਿ ਗਿਆ।

ਖੁੱਲ੍ਹਦੀਆਂ ਸਨ ਖਿੜਕੀਆਂ ਹਰ ਰੋਜ਼ ਰੌਸ਼ਨਦਾਨ ਵੀ,
ਮਨ ਦਾ ਬੂਹਾ, ਤੇਰੇ ਮਗਰੋਂ, ਦਸਤਕਾਂ ਲਈ ਸਹਿਕਦਾ।

*

ਗੁਲਨਾਰ- 142