ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਹੋਠਾਂ ਉੱਤੇ ਚੁੱਪ ਦੇ ਜੰਦਰੇ, ਵਕਤ ਕੁਲਹਿਣਾ ਮਾਰ ਗਿਆ।
ਲਛਮਣ ਰੇਖਾ ਵਾਹ ਕੇ, ਆਪਣੀ ਰੂਹ ਤੋਂ ਭਾਰ ਉਤਾਰ ਗਿਆ।

ਨਾ ਖ਼ਤ ਕੋਈ, ਨਾ ਹੀ ਚਿੱਠੀ, ਪਾਈ ਉਸ ਨਾ-ਸ਼ੁਕਰੇ ਨੇ,
ਨਰਮ ਕਰੂੰਬਲ ਦਿਲ ਤੇ ਜ਼ਾਲਮ, ਇਹ ਕੀ ਕਹਿਰ ਗੁਜ਼ਾਰ ਗਿਆ।

ਮੇਰੀ ਜਿੰਦ ਵਿਯੋਗ ਨੇ ਪਿੰਜੀ, ਕੱਤੀ ਗ਼ਮ ਦੇ ਚਰਖ਼ੇ ਨੇ,
ਹੁਣ ਕੀ ਲੱਭੇ ਬੇਕਦਰਾ ਤੂੰ, ਜਾਹ ਤੇਰਾ ਇਤਬਾਰ ਗਿਆ।

ਰੁਕਮਣੀਆਂ ਦੀ ਕੇਹੀ ਕਿਸਮਤ, ਕਲਜੁਗ ਅਤੇ ਤਰੇਤੇ ਵਿੱਚ,
ਸਤਯੁਗ ਵਿਚ ਵੀ ਰਾਧਾ ਦੇ ਸੰਗ, ਸਾਡਾ ਬੰਸੀ ਧਾਰ ਗਿਆ।

ਜ਼ਿੰਦਗੀ ਦੇ ਉਪਰਾਮ ਪਲਾਂ ਵਿਚ ਤੂੰ ਹੀ ਮੇਰੀ ਮਹਿਰਮ ਬਣ,
ਦਾਅਵੇਦਾਰ ਉਮਰ ਦੇ ਤੁਰ ਗਏ, ਸਮਝਣ ਹੁਣ ਮੈਂ ਹਾਰ ਗਿਆ।

ਕੱਸ ਗੁਲੇਲਾਂ ਮਾਰ ਮਾਰ ਕੇ, ਪੱਤੇ ਝਾੜੇ ਵਕਤਾਂ ਨੇ,
ਸਾਡੇ ਹੁੰਦਿਆਂ ਫ਼ਲ ਫੁੱਲਹਾਰਾ, ਉੱਜੜ ਕਿਉਂ ਗੁਲਜ਼ਾਰ ਗਿਆ।

ਤੇਰੇ ਬੋਲ ਰੜਕਦੇ ਸੀਨੇ, ਅੱਜ ਤੀਕਣ ਮਹਿਫੂਜ਼ ਪਏ,
ਹਿੱਕ ਵਿਚ ਜਿਹੜਾ ਮਾਰਿਆ ਸੀ ਤੂੰ ਤੀਰ ਜਿਗਰ ਤੋਂ ਪਾਰ ਗਿਆ।

*

ਗੁਲਨਾਰ- 14