ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੰਮਤਾਂ ਦੇ ਰਾਹੀਓ ਤੁਸੀਂ ਜ਼ਿੰਦਗੀ ਉਸਾਰਨਾ।
ਭਾਗਾਂ ਦੇ ਭੁਲੇਖਿਆਂ 'ਚ ਹੌਸਲਾ ਨਾ ਹਾਰਨਾ।

ਧਰਮਾਂ ਤੇ ਕਰਮਾਂ ਦੀ ਪੜ੍ਹਨੀ ਵਿਆਖਿਆ,
ਸੁਣੀਆਂ ਸੁਣਾਈਆਂ ਪਿੱਛੇ ਸਮਾਂ ਨਾ ਗੁਜ਼ਾਰਨਾ।

ਕੂੜ ਦਾ ਅਮਾਵਸੀ ਹਨ੍ਹੇਰ ਪਰਧਾਨ ਹੈ,
ਏਸ ਵਿਚੋਂ ਆਪ, ਹੱਕ ਸੱਚ ਨੂੰ ਨਿਤਾਰਨਾ।

ਨੀਹਾਂ 'ਚ ਮਾਸੂਮ ਜਿੰਦਾਂ ਚਿਣੀਆਂ ਸੀ ਕਾਸ ਨੂੰ,
ਕਦੇ ਕੱਲ੍ਹੇ ਬੈਠ ਏਸ ਗੱਲ ਨੂੰ ਵਿਚਾਰਨਾ।

ਸੁਣ ਲੈ ਮਲਾਹਾ, ਮੇਰੀ ਏਨੀ ਗੱਲ ਜਾਣ ਲੈ,
ਕੀਤਾ ਵਿਸ਼ਵਾਸ, ਹੁਣ ਪਾਰ ਵੀ ਉਤਾਰਨਾ।

ਬਾਜ਼ ਤੂੰ ਉਡਾਰ, ਉੱਡ, ਸੂਰਜੇ ਤੋਂ ਪਾਰ ਜਾਹ,
ਛੱਡ ਹੁਣ ਧਰਤੀ ਤੇ ਚਿੜੀਆਂ ਨੂੰ ਮਾਰਨਾ।

ਕਿਸੇ ਨਾ ਬਣਾਈ, ਇੱਕੋ ਦਿਨ ਬੈਠ ਕਾਇਨਾਤ,
ਤੁਰ ਪਉ, ਤੂੰ ਛੱਡ, ਇਹ ਤਾਂ ਵਿਹਲਿਆਂ ਦੀ ਧਾਰਨਾ।

*

ਗੁਲਨਾਰ- 139