ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਦਲੀ ਰਾਜੇ, ਧਰਮ ਕਚਹਿਰੀ, ਦੋਵੇਂ ਸਾਨੂੰ ਚਾਰ ਗਏ ਨੇ।
ਬਾਬਰ ਕੇ ਕਿਉਂ ਜਿੱਤ ਗਏ ਨੇ, ਬਾਬੇ ਕੇ ਕਿਉਂ ਹਾਰ ਗਏ ਨੇ।

ਇੱਕ ਦੂਜੇ ਵੱਲ ਝਾਕ ਰਹੇ ਨੇ, ਮਾਪੇ ਬਿਰਖ਼ ਬਰੋਟਿਆਂ ਵਰਗੇ,
ਘਰ ਨਾ ਪਰਤੇ ਸਾਡੇ ਜੰਮੇ, ਜੀਂਦੇ ਜੀਅ ਕਿਉਂ ਮਾਰ ਗਏ ਨੇ।

ਖੇਤਾਂ ਤੇ ਖ਼ੁਦਕੁਸ਼ੀਆਂ ਦੀ ਹੁਣ ਇੱਕੋ ਰਾਸ਼ੀ ਬਣ ਚੱਲੀ ਹੈ,
ਹਾਕਮ ਕੀਹ ਹਮਦਰਦੀ ਕਰਨੀ, ਗੱਲੀਂ ਬਾਤੀਂ ਸਾਰ ਗਏ ਨੇ।

ਵੇਖ ਲਵੋ ਜੀ ਮੋਈਆਂ ਮੱਛੀਆਂ, ਪਾਣੀ ਉੱਪਰ ਤੈਰਦੀਆਂ ਨੇ,
ਅਜਬ ਮਲਾਹ ਜੋ ਆਪਣੇ ਵੱਲੋਂ, ਸਾਨੂੰ ਪਾਰ ਉਤਾਰ ਗਏ ਨੇ।

ਭਰੀਆਂ ਬੰਨ੍ਹ੍ਣ ਵਾਲੇ ਖੱਭੜ, ਗਲ ਵਿਚ ਨਾਗ ਵਲੇਵੇਂ ਬਣ ਗਏ,
ਇਨਕਲਾਬ ਇਹ ਸਾਵੇ, ਸਾਨੂੰ ਖੇਤਾਂ ਸਣੇ ਡਕਾਰ ਗਏ ਨੇ।

ਇੱਛਆਧਾਰੀ ਨਾਗ ਵਾਂਗਰਾਂ, ਰੋਜ਼ ਸਿਆਸਤ ਨੇ ਰੰਗ ਬਦਲੇ,
ਜੋ ਭਗਵਾਨ ਬਣਾਏ ਹੱਥੀਂ, ਓਹੀ ਕਹਿਰ ਗੁਜ਼ਾਰ ਗਏ ਨੇ।

ਜੀਂਦੇ ਮਰਦੇ ਸਹਿਕ ਰਹੇ ਨੇ, ਆਲ੍ਹਣਿਆਂ ਵਿਚ ਅੱਜ ਵੀ ਹਾਉਕੇ,
ਪੁੱਛਣ, ਏਥੋਂ ਸਾਡੇ ਬੱਚੜੇ , ਕਿਉਂ ਰਾਵੀ ਤੋਂ ਪਾਰ ਗਏ ਨੇ।

*

ਗੁਲਨਾਰ- 138