ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਚਿਆਂ ਨੂੰ ਬਘਿਆੜ ਖਾ ਗਿਆ, ਖ਼ੂਨ 'ਚ ਰੱਤੇ ਬਸਤੇ ਨੇ।
ਜੰਨਤ ਖ਼ਾਤਰ ਦੱਸ ਗ਼ਾਜ਼ੀਆ, ਇਹ ਬਈ ਕਿਹੜੇ ਰਸਤੇ ਨੇ।

ਬੰਦੂਕਾਂ ਦਾ ਢਿੱਡ ਨਹੀਂ ਭਰਨਾ, ਕੁੱਲ ਆਲਮ ਨੂੰ ਖਾ ਕੇ ਵੀ,
ਹਥਿਆਰਾਂ ਦੇ ਅੱਗੇ ਕਿੰਨੇ, ਆਦਮ ਹੋ ਗਏ ਸਸਤੇ ਨੇ।

ਇੱਕ ਵੀ ਸੜਕ ਸਬੂਤੀ ਸਿੱਧੀ ਮੰਜ਼ਿਲ ਦੇ ਵੱਲ ਜਾਂਦੀ ਨਹੀਂ,
ਮੇਰੇ ਅੱਗੇ ਚਹੁੰ ਕਦਮਾਂ ਤੇ, ਆਉਂਦੇ ਫੇਰ ਚੁਰਸਤੇ ਨੇ।

ਬਿਨਾਂ ਲਗਾਮੋਂ, ਬਿਨਾ ਨਕੇਲੋਂ, ਇਹ ਹੀ ਸਭ ਕੁਝ ਹੋਣਾ ਸੀ,
ਤਾਕਤ ਦੇ ਵਿਚ ਅੰਨ੍ਹੇ ਬੋਲੇ, ਬੋਤੇ ਕਿੰਨੇ ਮਸਤੇ ਨੇ।

ਸੁੱਤਿਆਂ ਸੁੱਤਿਆਂ ਦਿਨ ਲੰਘ ਜਾਂਦਾ, ਗਾਫ਼ਲ ਮਨ ਨੂੰ ਖ਼ਬਰ ਨਹੀਂ,
ਇਸ ਧਰਤੀ ਤੇ ਚਾਨਣ ਵੰਡਦੇ, ਕਿੰਨੇ ਸੂਰਜ ਅਸਤੇ ਨੇ।

ਹੁਕਮਰਾਨ ਜੀ, ਇਹ ਦੋ ਅਮਲੀ, ਤੀਜੀ ਅੱਖ ਨੇ ਵੇਖ ਲਈ,
ਰੂਹ ਅੰਦਰ ਕੰਡਿਆਲੀਆਂ ਤਾਰਾਂ, ਹੱਥਾਂ ਵਿਚ ਗੁਲਦਸਤੇ ਨੇ।

ਜੰਗਲ ਜਦ ਢਹਿ ਢੇਰੀ ਹੋਇਆ, ਮਰਦੇ ਦਮ ਇਹ ਬੋਲ ਪਿਆ,
ਹਰ ਆਰੀ ਨੂੰ ਲੱਗੇ ਵੇਖੋ, ਸਾਡੇ ਹੀ ਤਾਂ ਦਸਤੇ ਨੇ।

*

ਗੁਲਨਾਰ- 133