ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਤਾਂ ਰੂਹ ਹਾਂ ਪਿਆਰ 'ਚ ਭਿੱਜੀ, ਤਗਮਾ ਜਾਂ ਕੋਈ ਹਾਰ ਨਹੀਂ।
ਜਦ ਦਿਲ ਚਾਹਿਆ, ਹਿੱਕ ਤੇ ਲਾਇਆ, ਵਰਤਣ ਮਗਰੋਂ ਸਾਰ ਨਹੀਂ।

ਪੁਨੂੰ ਵਾਂਗ ਬਲੋਚ ਵਪਾਰੀ, ਅੱਜ ਵੀ ਸੱਸੀਆਂ ਛੱਡ ਜਾਂਦੇ,
ਕਰਦੇ ਨੇ ਉਹ ਦਿਲ ਦੇ ਸੌਦੇ, ਨਕਦ-ਮ-ਨਕਦ ਉਧਾਰ ਨਹੀਂ।

ਮੈਂ ਤੇਰੇ ਦਿਲ ਅੰਦਰ ਆਵਾਂ, ਸਦਾ ਸਦਾ ਲਈ ਰਹਿ ਜਾਵਾਂ,
ਖੁਸ਼ਬੋਈ ਹਾਂ, ਮੇਰਾ ਸੁਣ ਲੈ, ਰੂਹ ਤੇ ਪੈਂਦਾ ਭਾਰ ਨਹੀਂ।

ਮੈਂ ਤੇਰੇ ਸਾਹਾਂ ਦੀ ਮਾਲਾ ਅੰਦਰ ਫਿਰਦੇ ਮਣਕਿਆਂ ਵਾਂਗ,
ਨਾ ਤੋੜੀਂ ਬੇਕਦਰਾ ਤੰਦਾਂ, ਰਿਸ਼ਤਾ ਮਨੋਂ ਵਿਸਾਰ ਨਹੀਂ।

ਸੁਪਨੇ ਵੀ ਪੰਖੇਰੂ ਭਾਵੇਂ, ਹਰ ਛਤਰੀ ਨਾ ਬਹਿੰਦੇ ਨੇ,
ਤੂੰ ਇਨ੍ਹਾਂ ਨੂੰ ਤੱਕ ਨਹੀਂ ਸਕਣਾ, ਇਹ ਕੂੰਜਾਂ ਦੀ ਡਾਰ ਨਹੀਂ।

ਇਸ ਅਗਨੀ ਵਿਚ ਪਿਘਲੇ ਲੋਹਾ, ਤਰਲ ਬਣੇ ਤੇ ਰੂਪ ਧਰੇ,
ਨਾ ਛੂਹੀਂ ਨਾ ਛੂਹੀਂ ਇਸ ਨੂੰ, ਇਹ ਕੋਈ ਗੁਲਨਾਰ ਨਹੀਂ।

ਸਿਰਜਣਹਾਰੀ, ਪਾਲਣਹਾਰੀ, ਧਰਤੀ ਮਾਂ ਦੱਸ ਕੀ ਕੀ ਨਾਂਹ,
ਕਦਮ ਕਦਮ ਤੇ ਅੰਗ ਸੰਗ ਤੇਰੇ, ਫਿਰ ਤੂੰ ਸ਼ੁਕਰ ਗੁਜ਼ਾਰ ਨਹੀਂ।

*

ਗੁਲਨਾਰ- 125