ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਨੇੜੇ ਜਦ ਤੂੰ ਆਵੇਂ ਵਕਤ ਹਮੇਸ਼ਾਂ ਰੁਕ ਜਾਂਦਾ ਹੈ।
ਵਗਦਾ ਦਰਿਆ ਹੰਝੂਆਂ ਵਾਲਾ, ਇੱਕ ਤੱਕਣੀ ਵਿਚ ਸੁਕ ਜਾਂਦਾ ਹੈ।

ਰੰਗਾਂ ਤੇ ਖੁਸ਼ਬੋਈਆਂ ਨੂੰ ਤੂੰ, ਆਖ ਦਿਆ ਕਰ ਹੁਣ ਸੌਂ ਜਾਵੇ,
ਸਿਰ ਤੇ ਮਘਦਾ ਸੂਰਜ ਵੀ ਤਾਂ ਸ਼ਾਮ ਢਲੀ ਤੇ ਲੁਕ ਜਾਂਦਾ ਹੈ।

ਮੇਰੀ ਰੂਹ ਨੂੰ ਜੀਣ ਜੋਗੀਏ, ਅਨਹਦ ਨਾਦ ਸੁਣਾਇਆ ਕਰ ਤੂੰ,
ਸ਼ਬਦ-ਸਵਾਰੀ ਕਰਦਾ ਹੋਇਆ, ਗੀਤ ਹਮੇਸ਼ਾਂ ਮੁਕ ਜਾਂਦਾ ਹੈ।

ਅੰਬਰੋਂ ਕਿਰਦੀ ਬੂੰਦ ਸਵਾਂਤੀ ਜਦੋਂ ਪਪੀਹੇ ਦੇ ਮੂੰਹ ਪੈਂਦੀ,
ਰੂਹ ਸਰਸ਼ਾਰ ਕਰੇ ਇੱਕ ਤੁਪਕਾ, ਐਸਾ ਢੋਅ ਵੀ ਢੁਕ ਜਾਂਦਾ ਹੈ।

ਘੁੱਟ ਕੇ ਫੜ ਲੈ ਵਾਗ ਸਮੇਂ ਦੀ, ਹੱਥੀ ਚਰਖ਼ੇ ਦੀ ਨਾ ਢਿਲਕੇ,
ਬੇਪਰਵਾਹੀ ਅੰਦਰ ਪਹੀਆ, ਪਿੱਛੇ ਵੱਲ ਵੀ ਘੁਕ ਜਾਂਦਾ ਹੈ।

ਮੈਂ ਤੱਕਿਐ ਵਿਸ਼ਵਾਸ ਦੇ ਅੱਗੇ, ਤਾਰੇ ਤੇ ਚੰਨ ਕਰਨ ਸਲਾਮਾਂ,
ਨਿਸ਼ਚਾ ਧਾਰ ਲਵੋ ਤਾਂ ਲੋਹੇ ਅੰਦਰ ਕਿੱਲ ਵੀ ਠੁਕ ਜਾਂਦਾ ਹੈ।

ਤਰਸ ਰਿਹੈਂ ਕਿਉਂ ਜ਼ਿੰਦਗੀ ਖ਼ਾਤਰ, ਜ਼ਿੰਦਾਦਿਲ ਹੈਂ, ਸਾਬਤ ਕਰ ਦੇ,
ਹਿੰਮਤ ਅੱਗੇ ਧਰਤੀ ਪੁੱਤਰਾ, ਨੀਲਾ ਅੰਬਰ ਝੁਕ ਜਾਂਦਾ ਹੈ।

*

ਗੁਲਨਾਰ- 121